ਭਾਰਤ ਨਾਲ ਟਕਰਾਅ ਦੀ ਸਥਿਤੀ ’ਚ ਨਹੀਂ ਰਹਿਣਾ ਚਾਹੁੰਦਾ ਕੈਨੇਡਾ : ਟਰੂਡੋ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕਿਹਾ, ਅਮਰੀਕੀ ਦੋਸ਼ਾਂ ਤੋਂ ਬਾਅਦ ਭਾਰਤ ਨੇ ਸ਼ਾਂਤ ਰੁਖ਼ ਅਪਣਾਇਆ

Justin Trudeau

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਇਸ ਸਮੇਂ ਨਿੱਜਰ ਦੇ ਕਤਲ ਨੂੰ ਲੈ ਕੇ ਭਾਰਤ ਨਾਲ ਟਕਰਾਅ ਦੀ ਸਥਿਤੀ ’ਚ ਨਹੀਂ ਰਹਿਣਾ ਚਾਹੁੰਦਾ ਅਤੇ ਇਸ ਦੀ ਬਜਾਏ ਵਪਾਰ ਸਮਝੌਤੇ ’ਤੇ ਕੰਮ ਕਰਨਾ ਚਾਹੁੰਦਾ ਹੈ ਅਤੇ ਹਿੰਦ-ਪ੍ਰਸ਼ਾਂਤ ਰਣਨੀਤੀ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ, ‘‘ਕੈਨੇਡਾ ਲਈ ਲੋਕਾਂ ਦੇ ਅਧਿਕਾਰਾਂ, ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਦੇ ਸ਼ਾਸਨ ਲਈ ਖੜ੍ਹਾ ਹੋਣਾ ਮੁੱਖ ਗੱਲ ਹੈ ਅਤੇ ਇਹੀ ਅਸੀਂ ਕਰਨ ਜਾ ਰਹੇ ਹਾਂ।’’

ਉਨ੍ਹਾਂ ਕਿਹਾ ਕਿ ਅਮਰੀਕੀ ਧਰਤੀ 'ਤੇ ਇਕ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਸ਼ ਵਿਚ ਇਕ ਭਾਰਤੀ ਨਾਗਰਿਕ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਨਵੀਂ ਦਿੱਲੀ ਨਾਲ ਓਟਾਵਾ ਦੇ ਰਿਸ਼ਤੇ ਬਹੁਤ ਬਦਲ ਗਏ ਹਨ। ਸੀ.ਬੀ.ਸੀ. ਨਿਊਜ਼ ਚੈਨਲ ਨੂੰ ਦਿਤੇ ਇਕ ਇੰਟਰਵਿਊ ’ਚ ਟਰੂਡੋ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਅਮਰੀਕੀ ਦੋਸ਼ਾਂ ਨੇ ਨਰਿੰਦਰ ਮੋਦੀ ਸਰਕਾਰ ਨੂੰ ਵਧੇਰੇ ਸ਼ਾਂਤ ਰੁਖ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ। 

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਹ ਸਮਝ ਬਣ ਗਈ ਹੈ ਕਿ ਕੈਨੇਡਾ ’ਤੇ ਲਗਾਤਾਰ ਹਮਲੇ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ।’’ ਭਾਰਤ ਨੇ ਟਰੂਡੋ ਦੇ ਦਾਅਵਿਆਂ ਨੂੰ ਬੇਤੁਕਾ ਅਤੇ ਪ੍ਰੇਰਿਤ ਦਸਦਿਆਂ ਰੱਦ ਕਰ ਦਿਤਾ ਸੀ, ਜਦੋਂ ਟਰੂਡੋ ਨੇ ਸਤੰਬਰ ’ਚ ਕਿਹਾ ਸੀ ਕਿ ਕੈਨੇਡਾ ’ਚ ਖਾਲਿਸਤਾਨ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਦੀ ਸ਼ਮੂਲੀਅਤ ਨਾਲ ਸੰਭਾਵਤ ਸਬੰਧਾਂ ਦੇ ਭਰੋਸੇਯੋਗ ਦੋਸ਼ ਹਨ। 

ਨਵੀਂ ਦਿੱਲੀ ਨੇ ਅਮਰੀਕੀ ਸਰਕਾਰ ਵਲੋਂ ਉਠਾਈਆਂ ਗਈਆਂ ਸੁਰੱਖਿਆ ਚਿੰਤਾਵਾਂ ਦੀ ਜਾਂਚ ਲਈ ਇਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ ਅਤੇ ਓਟਾਵਾ ਨੂੰ ਟਰੂਡੋ ਦੇ ਦੋਸ਼ਾਂ ਦੇ ਸਮਰਥਨ ਵਿਚ ਠੋਸ ਸਬੂਤ ਵਿਖਾਉਣ ਲਈ ਕਿਹਾ ਹੈ।