ਮੰਡੀ ਅਹਿਮਦਗੜ੍ਹ ਦੇ ਨੌਜਵਾਨ ਦਾ ਦੁਬਈ ਵਿਚ ਕਤਲ
ਪ੍ਰਵਾਰ ਨੇ ਭਾਰਤ ਸਰਕਾਰ ਕੋਲੋਂ ਦੇਹ ਵਾਪਸ ਲਿਆਉਣ ਲਈ ਕੀਤੀ ਅਪੀਲ
ਮੰਡੀ ਅਹਿਮਦਗੜ੍ਹ : ਈਦ ਦੇ ਪਵਿੱਤਰ ਮੌਕੇ ਨੇੜਲੇ ਕੰਗਣਵਾਲ ਪਿੰਡ ਦੇ ਇਕ ਮੁਸਲਿਮ ਮਜ਼ਦੂਰ ਪਰਿਵਾਰ ਨੂੰ ਸਦਮਾ ਲਗਿਆ ਹੈ। ਦਰਅਸਲ ਇਸ ਪਰਵਾਰ ਦੇ ਨੌਜਵਾਨ ਲੜਕੇ ਮੁਹੰਮਦ ਰਮਜ਼ਾਨ (22) ਦੀ ਦੁਬਈ ਵਿਚ ਪਿਛਲੇ ਐਤਵਾਰ ਦੀ ਸ਼ਾਮ ਨੂੰ ਹੱਤਿਆ ਕਰ ਦਿਤੀ ਗਈ। ਪਹਿਲਾਂ ਹੀ ਇਕ ਟਰੈਵਲ ਏਜੰਟ ਰਾਹੀਂ ਰਮਜ਼ਾਨ ਨੂੰ ਦੁਬਈ ਭੇਜਣ ਲਈ ਲਏ ਗਏ ਕਰਜ਼ੇ ਕਾਰਨ ਆਰਥਕ ਤੰਗੀ ਦਾ ਸਾਹਮਣਾ ਕਰ ਰਹੇ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਾਸਤੇ ਵੀ ਪੈਸਿਆਂ ਦਾ ਪ੍ਰਬੰਧ ਕਰਨਾ ਔਖਾ ਜਾਪਦਾ ਹੈ।
ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਲਿਆਉਣ ਵਿਚ ਪਰਿਵਾਰ ਦੀ ਮਦਦ ਕੀਤੀ ਜਾਵੇ। ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਅਸਗਰ ਅਲੀ ਨੇ ਦਸਿਆ ਕਿ ਉਸ ਨੂੰ ਜਦੋਂ ਪਤਾ ਲਗਿਆ ਤਾਂ ਰਮਜ਼ਾਨ ਦੇ ਦੋਸਤਾਂ ਨਾਲ ਤਾਲਮੇਲ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਸ ਦੀ ਮ੍ਰਿਤਕ ਦੇਹ ਦੁਬਈ ਦੇ ਇਕ ਹਸਪਤਾਲ ਵਿਚ ਪਈ ਹੋਣ ਬਾਰੇ ਜਾਣਕਾਰੀ ਮਿਲੀ।
ਉਧਰ ਦੁਬਈ ਪੁਲਿਸ ਨੇ ਪਰਿਵਾਰ ਨੂੰ ਭਰੋਸਾ ਦਿਤਾ ਹੈ ਕਿ ਮ੍ਰਿਤਕ ਦੇਹ ਨੂੰ ਸੋਮਵਾਰ ਤੋਂ ਬਾਅਦ ਭਾਰਤ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਰਾਨ-ਇਜ਼ਰਾਈਲ ਜੰਗ, ਦੁਬਈ ਵਿਚ ਰਮਜ਼ਾਨ ਦੀਆਂ ਛੁੱਟੀਆਂ ਤੇ ਕਤਲ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਕਾਰਨ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿਚ ਦੇਰੀ ਹੋ ਰਹੀ ਹੈ।