ਦੁਬਈ: ਭਾਰਤੀ ਜੋੜੇ ਦੇ ਕਤਲ ਮਾਮਲੇ 'ਚ ਪਾਕਿਸਤਾਨੀ ਵਰਕਰ ਨੂੰ ਫਾਂਸੀ ਦੀ ਸਜ਼ਾ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਹ ਘਟਨਾ 15 ਜੂਨ 2020 ਨੂੰ ਵਾਪਰੀ ਸੀ।

Dubai: Pakistani worker sentenced to death in Indian couple's murder case

 

ਦੁਬਈ : ਸੰਯੁਕਤ ਅਰਬ ਅਮੀਰਾਤ ਦੀ ਇਕ ਅਦਾਲਤ ਨੇ ਭਾਰਤੀ ਜੋੜੇ ਦੇ ਕਤਲ ਦੇ ਦੋਸ਼ 'ਚ ਇਕ ਪਾਕਿਸਤਾਨੀ ਵਰਕਰ (26) ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਈ-ਵਰਕਰ ਹੈ। ਪੀੜਤਾਂ ਦੇ ਵਿਲਾ ਵਿਚ ਰੱਖ-ਰਖਾਅ ਦੌਰਾਨ ਉਸ ਨੇ ਪੈਸੇ ਦੇਖੇ ਸਨ, ਜਿਹਨਾਂ ਨੂੰ ਚੋਰੀ ਕਰਨ ਲਈ ਉਹ ਘਰ ਵਿਚ ਦਾਖਲ ਹੋਇਆ ਸੀ ਪਰ ਜਦੋਂ ਪਤੀ-ਪਤਨੀ ਜਾਗ ਪਏ ਤਾਂ ਉਸ ਨੇ ਚਾਕੂ ਨਾਲ ਕਈ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਉਸ ਨੇ ਪੀੜਤਾਂ ਦੀ ਧੀ 'ਤੇ ਵੀ ਹਮਲਾ ਕੀਤਾ ਸੀ ਪਰ ਉਹ ਬਚ ਗਈ ਸੀ ਅਤੇ ਪੁਲਿਸ ਨੂੰ ਸੂਚਿਤ ਕਰਨ ਵਿਚ ਕਾਮਯਾਬ ਰਹੀ। ਦੋਹਰੇ ਕਤਲ ਦੇ ਪੀੜਤਾਂ ਦੀ ਪਛਾਣ ਹੀਰੇਨ ਅਧੀਆ ਅਤੇ ਵਿਧੀ ਅਧੀਆ ਵਜੋਂ ਹੋਈ। 

ਦੋਸ਼ੀ ਨੇ ਹਿਰੇਨ ਅਧੀਆ 'ਤੇ ਕਰੀਬ 10 ਵਾਰੀ ਅਤੇ ਉਸ ਦੀ ਪਤਨੀ 'ਤੇ 14 ਵਾਰ ਚਾਕੂ ਨਾਲ ਹਮਲਾ ਕੀਤਾ ਸੀ। ਘਟਨਾ ਦੇ 24 ਘੰਟਿਆਂ ਦੇ ਅੰਦਰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਆਪਣੇ ਬਿਆਨ ਵਿਚ ਦੋਸ਼ੀ ਨੇ ਦੱਸਿਆ ਕਿ ਮੈਂ ਸ਼ਾਰਜਾਹ ਸੁਪਰ ਮਾਰਕੀਟ ਤੋਂ ਇੱਕ ਚਾਕੂ ਖਰੀਦਿਆ ਅਤੇ ਇੱਕ ਡਰਾਈਵਰ ਨੂੰ 1500 ਰੁਪਏ ਦਿੱਤੇ ਤਾਂ ਜੋ ਉਹ ਮੈਨੂੰ ਵਿਲਾ ਦੇ ਨੇੜੇ ਛੱਡ ਸਕੇ। ਉਸ ਨੇ ਕਿਹਾ ਕਿ ਉਸ ਨੇ ਸ਼ਾਮ 7 ਵਜੇ ਤੋਂ 11 ਵਜੇ ਤੱਕ ਇੰਤਜ਼ਾਰ ਕੀਤਾ ਅਤੇ ਫਿਰ ਵਿਲਾ ਦੇ ਅੰਦਰ ਗਾਰਡਨ ਵਿਚ ਕੰਧ 'ਤੇ ਚੜ੍ਹ ਕੇ ਅੰਦਰ ਛਾਲ ਮਾਰ ਦਿੱਤੀ। ਉਸ ਤੋਂ ਬਾਅਦ ਦੋ ਘੰਟੇ ਤੱਕ ਮੈਂ ਪਰਿਵਾਰ ਦੇ ਸੌਣ ਦੀ ਉਡੀਕ ਕੀਤੀ।

ਆਪਣੀ ਜੁੱਤੀ ਲਾਹ ਕੇ ਉਹ ਨੰਗੇ ਪੈਰੀਂ ਘਰ ਅੰਦਰ ਦਾਖਲ ਹੋ ਗਿਆ ਅਤੇ ਪੈਸੇ ਲੱਭਣ ਲੱਗਾ। ਉਸ ਨੇ ਪਹਿਲੀ ਮੰਜ਼ਿਲ 'ਤੇ ਮਿਲੇ ਪਰਸ 'ਚੋਂ 1,965 ਦਿਰਹਾਮ (40,000 ਰੁਪਏ) ਚੋਰੀ ਕੀਤੇ। ਉਸ ਨੂੰ ਉਦੋਂ ਯਾਦ ਆਇਆ ਕਿ ਹਾਲ ਹੀ ਵਿਚ ਜਦੋਂ ਉਹ ਵਿਲਾ ਵਿਚ ਰੱਖ-ਰਖਾਅ ਲਈ ਆਇਆ ਸੀ ਤਾਂ ਉਸ ਨੇ ਜੋੜੇ ਦੇ ਕਮਰੇ ਵਿਚ ਪੈਸੇ ਦੇਖੇ ਸਨ, ਜਿਸ ਤੋਂ ਬਾਅਦ ਉਹ ਜੋੜੇ ਦੇ ਕਮਰੇ ਵਿਚ ਦਾਖਲ ਹੋਇਆ। ਉਸ ਨੇ ਦਰਾਜ਼ ਖੋਲ੍ਹ ਕੇ ਪੈਸੇ ਲੱਭਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਹਿਰੇਨ ਜਾਗ ਗਿਆ। ਹਿਰੇਨ ਨੂੰ ਜਾਗਦਾ ਦੇਖ ਕੇ ਬਿਨਾਂ ਕੁਝ ਸੋਚੇ-ਸਮਝੇ ਉਸ ਨੇ ਚਾਕੂ ਨਾਲ ਉਸ 'ਤੇ ਵਾਰ ਕੀਤਾ। ਹਮਲੇ ਕਰਨ 'ਤੇ ਜਦੋਂ ਉਸ ਦੀ ਪਤਨੀ ਜਾਗੀ ਤਾਂ ਦੋਸ਼ੀ ਨੇ ਉਸ 'ਤੇ ਵੀ ਚਾਕੂ ਨਾਲ ਵਾਰ ਕਰ ਦਿੱਤਾ ਤੇ ਦੋਹਾਂ ਦੀ ਮੌਤ ਹੋ ਗਈ। ਦੋਸ਼ੀ ਨੇ ਉਹਨਾਂ ਦੀ ਬੱਚੀ 'ਤੇ ਵੀ ਵਾਰ ਕੀਤਾ ਸੀ ਪਰ ਉਹ ਬਚ ਗਈ ਸੀ। ਇਹ ਘਟਨਾ 15 ਜੂਨ 2020 ਨੂੰ ਵਾਪਰੀ ਸੀ।