SI ਦੀ ਕਾਰ ਹੇਠਾਂ ਬੰਬ ਲਗਾਉਣ ਦੇ ਮਾਮਲੇ ’ਚ ਹੋਈ ਇੱਕ ਹੋਰ ਗ੍ਰਿਫ਼ਤਾਰੀ
ਤਰਨਤਾਰਨ ਦਾ ਪ੍ਰਾਪਰਟੀ ਡੀਲਰ ਰਜਿੰਦਰ ਸਿੰਘ ਮਹਾਰਾਸ਼ਟਰ ਤੋਂ ਕੀਤਾ ਗ੍ਰਿਫ਼ਤਾਰ
ਗੈਂਗਸਟਰ ਲਖਵਿੰਦਰ ਲੰਡਾ ਦਾ ਨੇੜਲਾ ਸਾਥੀ ਦੱਸਿਆ ਜਾ ਰਿਹਾ ਫੜਿਆ ਗਿਆ ਮੁਲਜ਼ਮ
ਮਹਾਰਾਸ਼ਟਰ : ਅੰਮ੍ਰਿਤਸਰ ਵਿਖੇ ਸਬ ਇੰਸਪੈਕਟਰ ਦੀ ਗੱਡੀ ਹੇਠਾਂ ਬੰਬ ਲਗਾਉਣ ਦੇ ਮਾਮਲੇ ਵਿਚ ਹੁਣ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ। ਪੰਜਾਬ ਪੁਲਿਸ ਨੇ ਇਕ ਹੋਰ ਵਿਅਕਤੀ ਨੂੰ ਮਹਾਰਾਸ਼ਟਰ ਦੇ ਸ਼ਿਰਡੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ।
ਇਸ ਮਾਮਲੇ ਵਿਚ ਇਹ ਤੀਜੀ ਗ੍ਰਿਫ਼ਤਾਰੀ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਰਜਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਰਜਿੰਦਰ ਸਿੰਘ ਗੈਂਗਸਟਰ ਲਖਵਿੰਦਰ ਸਿੰਘ ਲੰਡਾ ਦਾ ਨੇੜਲਾ ਸਾਥੀ ਹੈ ਅਤੇ ਉਹ ਤਰਨਤਾਰਨ ਜ਼ਿਲ੍ਹੇ ਵਿਚ ਬਤੌਰ ਪ੍ਰਾਪਰਟੀ ਡੀਲਰ ਕੰਮ ਕਰਦਾ ਹੈ। ਇਹ ਗ੍ਰਿਫ਼ਤਾਰੀ ਪੰਜਾਬ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਨੇ ਸਾਂਝੀ ਮੁਹਿੰਮ ਦੌਰਾਨ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਹਰਪਾਲ ਸਿੰਘ ਅਤੇ ਫਤਿਹਦੀਪ ਸਿੰਘ ਪਹਿਲਾਂ ਹੀ ਅੱਠ ਦਿਨ ਦੇ ਪੁਲੀਸ ਰਿਮਾਂਡ ’ਤੇ ਹਨ, ਇਨ੍ਹਾਂ ਦੋਵਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ ਜੋ ਕਿ ਉਥੋਂ ਵਿਦੇਸ਼ ਜਾਣ ਦੀ ਤਿਆਰੀ ਵਿੱਚ ਸਨ।