ਪਾਕਿਸਤਾਨ ਸਿਵਲ ਸਰਵਿਸਿਜ਼ ’ਚ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ ਆਕਾਸ਼ ਸਿੰਘ, ਕਸਟਮਜ਼ ਇੰਸਪੈਕਟਰ ਵਜੋਂ ਹੋਈ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਿਹਾ- ਅਟਾਰੀ ਵਾਹਗਾ ਬਾਰਡਰ ’ਤੇ ਪਹੁੰਚਣ ਵਾਲੀ ਸੰਗਤ ਦੀ ਸੇਵਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ

Akash Singh Khalsa Selected as Custom Inspector in pakistan

 

ਲਾਹੌਰ (ਬਾਬਰ ਜਲੰਧਰੀ): ਪਾਕਿਸਤਾਨ ਦੇ ਸਿੱਖ ਨੌਜਵਾਨ ਆਕਾਸ਼ ਸਿੰਘ ਦੀ ਕਸਟਮਜ਼ ਇੰਸਪੈਕਟਰ ਵਜੋਂ ਚੋਣ ਹੋਈ ਹੈ। ਇਸ ਦੇ ਨਾਲ ਹੀ ਉਹ ਪਾਕਿਸਤਾਨ ਸਿਵਲ ਸਰਵਿਸਿਜ਼ ਵਿਚ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ ਹਨ। ਉਹਨਾਂ ਨੂੰ ਕਸਟਮ ਵਿਭਾਗ ਵਿਚ ਇੰਸਪੈਕਟਰ ਤੇ ਇੰਟੈਲੀਜੈਂਸ ਅਫਸਰ ਦਾ ਅਹੁਦਾ ਮਿਲਿਆ ਹੈ। ਇਹ ਨਾ ਸਿਰਫ ਆਕਾਸ਼ ਸਿੰਘ ਦੇ ਪਰਿਵਾਰ ਲਈ ਮਾਣ ਗੱਲ ਹੈ ਸਗੋਂ ਇਸ ਖ਼ਬਰ ਨਾਲ ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ।

ਆਕਾਸ਼ ਸਿੰਘ ਦਾ ਕਹਿਣਾ ਹੈ ਕਿ ਜੇਕਰ ਕਸਟਮਜ਼ ਇੰਸਪੈਕਟਰ ਵਜੋਂ ਉਹਨਾਂ ਦੀ ਡਿਊਟੀ ਅਟਾਰੀ ਵਾਹਗਾ ਬਾਰਡਰ ਉੱਤੇ ਲੱਗਦੀ ਹੈ ਤਾਂ ਇਹ ਉਹਨਾਂ ਲਈ ਮਾਣ ਵਾਲੀ ਗੱਲ ਹੋਵੇਗੀ। ਉਹਨਾਂ ਕਿਹਾ, “ਗੁਰੂਆਂ ਦੀ ਧਰਤੀ ਚੜ੍ਹਦੇ ਪੰਜਾਬ ਤੋਂ ਪਾਕਿਸਤਾਨ ਆਉਣ ਵਾਲੀ ਸੰਗਤ ਦੀ ਸੇਵਾ ਮੇਰੇ ਲਈ ਵੱਡੇ ਸੁਭਾਗਾਂ ਵਾਲੀ ਗੱਲ ਹੋਵੇਗੀ”। ਆਕਾਸ਼ ਸਿੰਘ ਨੇ ਦੱਸਿਆ ਕਿ 2019 ਵਿਚ ਇਸ ਪ੍ਰੀਖਿਆ ਦਾ ਇਸ਼ਤਿਹਾਰ ਆਇਆ ਸੀ ਅਤੇ ਉਹਨਾਂ ਨੇ ਅਪਲਾਈ ਕੀਤਾ। ਇਸ ਦੇ ਲਈ ਉਹਨਾਂ ਨੇ ਦੋ ਪ੍ਰੀਖਿਆਵਾਂ ਤੋਂ ਬਾਅਦ ਇੰਟਰਵਿਊ ਦਿੱਤੀ, ਜਿਸ ਮਗਰੋਂ ਅੱਜ ਉਹਨਾਂ ਦੀ ਚੋਣ ਹੋਈ ਹੈ।

ਪਾਕਿਸਤਾਨ ਵਿਚ ਫੈਡਰਲ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਆਯੋਜਿਤ ਪ੍ਰੀਖਿਆ ਪਾਸ ਕਰਨ ਵਾਲੇ ਆਕਾਸ਼ ਸਿੰਘ, ਪਾਕਿਸਤਾਨ ਦੇ ਬਲੋਚਿਸਤਾਨ ਨਾਲ ਸਬੰਧ ਰੱਖਦੇ ਹਨ। ਉਹਨਾਂ ਦੇ ਪਿਤਾ ਦਾ ਨਾਂ ਸ. ਗੋਬਿੰਦ ਸਿੰਘ ਹੈ। ਮੌਜੂਦਾ ਸਮੇਂ ਵਿਚ ਉਹ ਸਿੰਧ ਦੇ ਕਸ਼ਮੋਰ ਵਿਚ ਰਹਿ ਰਹੇ ਹਨ, ਇੱਥੋਂ ਹੀ ਉਹਨਾਂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਇਸ ਮਗਰੋਂ ਉਚੇਰੀ ਸਿੱਖਿਆ ਲਾਹੌਰ ਦੇ ਸਰਕਾਰੀ ਕਾਲਜ ਵਿਚੋਂ ਹਾਸਲ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਲਐਲਬੀ ਦੀ ਪੜ੍ਹਾਈ ਕੀਤੀ।

ਆਕਾਸ਼ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਐਲਐਲਬੀ ਦੀ ਸਾਰੀ ਪੜ੍ਹਾਈ 100 ਫੀਸਦੀ ਸਕਾਲਰਸ਼ਿਪ ਨਾਲ ਕੀਤੀ, ਜਿਸ ਮਗਰੋਂ ਉਹ ਕਰਾਚੀ ਵਿਚ ਵਕਾਲਤ ਕਰ ਰਹੇ ਹਨ। ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਆਕਾਸ਼ ਸਿੰਘ ਨੇ ਕਿਹਾ ਕਿ ਜਿੰਨਾ ਹੋ ਸਕਦਾ ਹੈ ਪੜ੍ਹਾਈ ਉੱਤੇ ਜ਼ੋਰ ਦਿੱਤਾ ਜਾਵੇ, ਉਮੀਦ ਨਾ ਹਾਰੋ। ਮਿਹਨਤ ਕਰਦੇ ਰਹੋ, ਇਕ ਦਿਨ ਕਾਮਯਾਬੀ ਇਕ ਦਿਨ ਜ਼ਰੂਰ ਮਿਲੇਗੀ।