ਅਮਰੀਕਾ: ਚਲਦੀ ਬੱਸ ’ਚ ਸਿੱਖ ’ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੱਗ ਨੂੰ ਉਤਾਰਨ ਦੀ ਕੋਸ਼ਿਸ਼ ’ਚ ਕੀਤਾ ਸੀ ਹਮਲਾ, ਪੰਜ ਦਿਨਾਂ ਬਾਅਦ ਆਇਆ ਕਾਬੂ

America: Arrested for attacking a Sikh in a moving bus

ਰਿਚਮੰਡ ਹਿੱਲ : ਬੱਸ ’ਚ ਸਫ਼ਰ ਕਰ ਰਹੇ ਇਕ ਸਿੱਖ ਨੌਜੁਆਨ ’ਤੇ ਹਮਲੇ ਤੋਂ ਪੰਜ ਦਿਨਾਂ ਬਾਅਦ ਪੁਲਿਸ ਨੇ ਇਕ 26 ਸਾਲਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨਫ਼ਰਤੀ ਅਪਰਾਧ ਦੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ। 26 ਸਾਲਾਂ ਦੇ ਕ੍ਰਿਸਟੋਫਰ ਫਿਲੀਪੀਓਸ ਨੂੰ 15 ਅਕਤੂਬਰ ਨੂੰ ਰਿਚਮੰਡ ਹਿੱਲ ’ਚ 118ਵੀਂ ਸਟਰੀਟ ਅਤੇ ਲਿਬਰਟੀ ਐਵੇਨਿਊ ਨੇੜੇ ਇਕ ਸ਼ਟਲ ਬੱਸ ਉੱਤੇ ਹੋਏ ਹਮਲੇ ਦੇ ਸਬੰਧ ’ਚ ਵੀਰਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਅਨੁਸਾਰ, ਫਿਲੀਪੀਓਕਸ ਨੇ 19 ਸਾਲਾਂ ਦੇ ਪੀੜਤ ਕੋਲ ਜਾ ਕੇ ਉਸ ਦੀ ਪੱਗ ਵਲ ਇਸ਼ਾਰਾ ਕਰਦਿਆਂ ਕਿਹਾ ਸੀ, ‘‘ਅਸੀਂ ਇਸ ਦੇਸ਼ ’ਚ ਇਹ ਨਹੀਂ ਪਹਿਨਦੇ।’’ ਫਿਰ ਉਹ ਉਸ ਨੂੰ ਪਾਲਗਾਂ ਵਾਂਗ ਕੁੱਟਣ ਲੱਗ ਪਿਆ ਅਤੇ ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ। ਪੀੜਤ ਦੇ ਇਕ ਜਾਣਕਾਰ ਜਪਨੀਤ ਸਿੰਘ ਨੇ ਕਿਹਾ, ‘‘ਇਸ ਸਮੇਂ, ਪੀੜਤ ਬਹੁਤ ਸਦਮੇ ’ਚ ਹੈ। ਪਰਿਵਾਰ ਉਸ ਲਈ ਬਹੁਤ ਡਰਿਆ ਹੋਇਆ ਹੈ।’’

ਉਸ ਨੇ ਮੌਕੇ ’ਤੇ ਇਲਾਜ ਤੋਂ ਵੀ ਇਨਕਾਰ ਕਰ ਦਿਤਾ ਸੀ। ਜਪਨੀਤ ਸਿੰਘ ਦਾ ਕਹਿਣਾ ਹੈ ਕਿ ਪੀੜਤ ਇੰਨਾ ਬੁਰੀ ਤਰ੍ਹਾਂ ਜ਼ਖ਼ਮੀ ਸੀ ਕਿ ਉਹ ਅਗਲੇ ਕੁਝ ਦਿਨਾਂ ਲਈ ਕੰਮ ਨਹੀਂ ਕਰ ਸਕੇਗਾ। ਸਾਊਥ ਰਿਚਮੰਡ ਹਿੱਲ ਸ਼ਹਿਰ ’ਚ ਸਿੱਖਾਂ ਦੀ ਵੱਸੋਂ ਵਾਲੇ ਸਭ ਤੋਂ ਵੱਡੇ ਇਲਾਕਿਆਂ ’ਚੋਂ ਇਕ ਹੈ। ਇਸ ਘਟਨਾ ਤੋਂ ਬਾਹਰ ਸਿੱਖਾਂ ’ਚ ਸਹਿਮ ਫੈਲ ਗਿਆ ਹੈ ਅਤੇ ਹਰ ਕੋਈ ਸੋਚ ਰਿਹਾ ਹੈ ਕਿ ਨਫ਼ਰਤੀ ਹਿੰਸਾ ਦਾ ਅਗਲਾ ਪੀੜਤ ਉਹ ਵੀ ਹੋ ਸਕਦਾ ਹੈ। 

ਅਸਲ ’ਚ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਤੋਂ ਬਾਅਦ ਮੁਸਲਮਾਨਾਂ ਨਾਲ ਦਿੱਖ ਦੀ ਸਮਾਨਤਾ ਹੋਣ ਕਾਰਨ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਉਨ੍ਹਾਂ ਵਿਰੁਧ ਹਿੰਸਾ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਜਪਨੀਤ ਸਿੰਘ ਨੇ ਕਿਹਾ, ‘‘ਪਿਛਲੇ ਦਿਨੀਂ ਮੇਰੇ ਨਾਲ ਵੀ ਅਜਿਹਾ ਕੁਝ ਹੋਇਆ ਜਦੋਂ ਕਾਲਜ ਦੇ ਵਿਦਿਆਰਥੀਆਂ ਵਰਗੇ ਲਗਦੇ ਕੁਝ ਨੌਜੁਆਨ ਮੈਨੂੰ ਹਮਾਸ ਬੁਲਾਉਂਦੇ ਹੋਏ ਭੱਜ ਕੇ ਨਿਕਲ ਗਏ। ਅਸੀਂ 9/11 ਦੇ ਹਮਲਿਆਂ ਤੋਂ ਬਾਅਦ ਵੀ ਅਜਿਹਾ ਹੀ ਹੁੰਦਾ ਵੇਖਿਆ ਹੈ ਜਿੱਥੇ ਇਸਲਾਮ ਵਿਰੋਧੀ ਭਾਵਨਾਵਾਂ ’ਚ ਵਾਧਾ ਦੂਜੇ ਧਰਮਾਂ ਵਿਰੁਧ ਵੀ ਨਫ਼ਰਤ ’ਚ ਬਦਲ ਜਾਂਦਾ ਹੈ।’’