Jagdish Tytler: ਸਿੱਖ ਕਤਲੇਆਮ ਮਾਮਲੇ 'ਚ ਜਗਦੀਸ਼ ਟਾਈਟਲਰ 'ਤੇ ਦੋਸ਼ ਆਇਦ ਕਰਨ ਦੀ ਸੁਣਵਾਈ 18 ਦਸੰਬਰ ਤੱਕ ਮੁਲਤਵੀ
ਟਾਈਟਲਰ ਦੇ ਵਕੀਲ ਵੱਲੋਂ ਦਸਤਾਵੇਜ਼ ਮਿਲਣ ਤੋਂ ਬਾਅਦ ਅਦਾਲਤ 18 ਦਸੰਬਰ ਨੂੰ ਦੋਸ਼ ਤੈਅ ਕਰਨ ਦੀ ਸੁਣਵਾਈ ਕਰ ਸਕਦੀ ਹੈ
Jagdish Tytler: 1984 ਦੇ ਪੁਲਬੰਗਸ਼ ਵਿਚ ਸਿੱਖਾਂ ਦੇ ਕਤਲ ਕੇਸ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰਨ ਦੀ ਸੁਣਵਾਈ ਮੰਗਲਵਾਰ ਨੂੰ ਮੁਲਤਵੀ ਕਰ ਦਿੱਤੀ ਗਈ। ਟਾਈਟਲਰ ਦੇ ਵਕੀਲ ਮਨੂ ਸ਼ਰਮਾ ਨੇ ਸੁਣਵਾਈ ਮੁਲਤਵੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਾਂਚ ਏਜੰਸੀ ਨੇ ਅਜੇ ਤੱਕ ਉਨ੍ਹਾਂ ਨੂੰ ਸਾਰੇ ਪ੍ਰਮਾਣਿਤ ਦਸਤਾਵੇਜ਼ਾਂ ਦੀਆਂ ਕਾਪੀਆਂ ਮੁਹੱਈਆ ਨਹੀਂ ਕਰਵਾਈਆਂ ਹਨ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 18 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ।
ਟਾਈਟਲਰ ਦੇ ਵਕੀਲ ਵੱਲੋਂ ਦਸਤਾਵੇਜ਼ ਮਿਲਣ ਤੋਂ ਬਾਅਦ ਅਦਾਲਤ 18 ਦਸੰਬਰ ਨੂੰ ਦੋਸ਼ ਤੈਅ ਕਰਨ ਦੀ ਸੁਣਵਾਈ ਕਰ ਸਕਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 5 ਅਗਸਤ ਨੂੰ ਸੈਸ਼ਨ ਕੋਰਟ ਨੇ ਟਾਈਟਲਰ ਨੂੰ ਅਗਾਊਂ ਜ਼ਮਾਨਤ ਦਿੱਤੀ ਸੀ। ਟਾਈਟਲਰ ਨੂੰ ਦਿੱਤੀ ਗਈ ਜ਼ਮਾਨਤ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਵਿਰੋਧ ਕੀਤਾ ਸੀ, ਜੋ ਦੰਗਾ ਪੀੜਤਾਂ ਦਾ ਕੇਸ ਲੜ ਰਹੀ ਹੈ। ਡੀਐਸਜੀਐਮਸੀ ਦੇ ਬੈਨਰ ਹੇਠ ਦੰਗਾ ਪੀੜਤ ਪਰਿਵਾਰਾਂ ਨੇ ਟਾਈਟਲਰ ਦੀ ਪੇਸ਼ੀ ਮੌਕੇ ਰਾਊਜ਼ ਐਵੇਨਿਊ ਅਦਾਲਤ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਪੀੜਤ ਪਰਿਵਾਰ ਦਾ ਕਹਿਣਾ ਹੈ, "ਅਸੀਂ ਅਦਾਲਤ ਦਾ ਸਤਿਕਾਰ ਕਰਦੇ ਹਾਂ, ਪਰ ਇਸ ਮਾਮਲੇ 'ਚ ਟਾਈਟਲ ਨੂੰ ਜ਼ਮਾਨਤ ਦੇਣਾ ਉਚਿਤ ਨਹੀਂ ਹੈ। ਅਸੀਂ ਇਸ ਦੇ ਖਿਲਾਫ਼ ਹਾਈਕੋਰਟ 'ਚ ਅਪੀਲ ਕਰਾਂਗੇ। ਅਸੀਂ 39 ਸਾਲਾਂ ਤੋਂ ਇਨਸਾਫ਼ ਲਈ ਇਹ ਲੜਾਈ ਲੜ ਰਹੇ ਹਾਂ।" ਵੱਡਾ ਜੁਰਮ ਹੋਇਆ ਹੈ। ਹੁਣ ਸਾਨੂੰ ਇਨਸਾਫ਼ ਚਾਹੀਦਾ ਹੈ।"
ਇਹ ਹੈ ਪੂਰਾ ਮਾਮਲਾ: ਇਲਜ਼ਾਮ ਹੈ ਕਿ ਟਾਈਟਲਰ ਨੇ ਪੁਲਬੰਗਸ਼ 'ਚ ਦੰਗਾਕਾਰੀ ਭੀੜ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਭੀੜ ਨੇ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਅਤੇ ਉਸੇ ਅੱਗ 'ਚ ਤਿੰਨ ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ। ਟਾਈਟਲਰ ਖ਼ੁਦ ਇਸ ਵਿਚ ਸ਼ਾਮਲ ਸੀ। ਪੀੜਤਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸੱਜਣ ਕੁਮਾਰ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ, ਉਸੇ ਤਰ੍ਹਾਂ ਅਸੀਂ ਟਾਈਟਲਰ ਨੂੰ ਵੀ ਸਜ਼ਾ ਦੇਣ ਦੀ ਮੰਗ ਕਰਦੇ ਹਾਂ।