ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੇ ਕੀਤੀ ਭਾਰਤੀ ਮੂਲ ਦੇ ਡਾਕਟਰ ਦੀ ਖ਼ੁਦਕੁਸ਼ੀ ਦੀ ਸੁਤੰਤਰ ਜਾਂਚ ਦੀ ਮੰਗ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਬ੍ਰਿਟਿਸ਼ ਸਰਕਾਰ ਨੂੰ ਇਸ ਬਾਰੇ ਲਿਖਿਆ ਪੱਤਰ 

Image

 

ਲੰਡਨ - ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਨੇ ਭਾਰਤੀ ਮੂਲ ਦੇ ਜੂਨੀਅਰ ਡਾਕਟਰ ਦੀ ਖੁਦਕੁਸ਼ੀ ਅਤੇ ਸਟਾਫ਼ ਵੱਲੋਂ ਤੰਗ-ਪਰੇਸ਼ਾਨ ਕਰਨ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਬਰਮਿੰਘਮ ਵਿੱਚ ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ.) ਹਸਪਤਾਲ ਟਰੱਸਟ ਦੀ ਸੁਤੰਤਰ ਜਾਂਚ ਲਈ ਬ੍ਰਿਟਿਸ਼ ਸਰਕਾਰ ਨੂੰ ਪੱਤਰ ਲਿਖਿਆ ਹੈ। ਇਸ ਹਸਪਤਾਲ ਨੂੰ ਸਰਕਾਰ ਤੋਂ ਵਿੱਤੀ ਮਦਦ ਮਿਲਦੀ ਹੈ।

ਬਰਮਿੰਘਮ ਐਜਬੈਸਟਨ ਤੋਂ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਬ੍ਰਿਟੇਨ ਦੇ ਸਿਹਤ ਮੰਤਰੀ ਸਟੀਵ ਬਾਰਕਲੇ ਨੂੰ ਲਿਖਿਆ ਪੱਤਰ ਬੁੱਧਵਾਰ ਨੂੰ ਟਵਿੱਟਰ 'ਤੇ ਪੋਸਟ ਕੀਤਾ, ਜਿਸ ਵਿੱਚ ਯੂਨੀਵਰਸਿਟੀ ਹਸਪਤਾਲ ਬਰਮਿੰਘਮ ਐਨ.ਐਚ.ਐਸ. ਫਾਊਂਡੇਸ਼ਨ ਟਰੱਸਟ (ਯੂ.ਐਚ.ਬੀ.) 'ਚ ਕੰਮ-ਕਾਰ ਦੇ ਤਰੀਕਿਆਂ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਇਹ ਹਸਪਤਾਲ ਬਰਮਿੰਘਮ ਐਜਬੈਸਟਨ ਵਿੱਚ ਹੀ ਸਥਿਤ ਹੈ।

ਉਨ੍ਹਾਂ ਬਰਮਿੰਘਮ ਦੇ ਕੁਈਨ ਐਲਿਜ਼ਾਬੈਥ ਹਸਪਤਾਲ ਵਿੱਚ ਕੰਮ ਕਰਨ ਵਾਲੀ 35 ਸਾਲਾ ਡਾਕਟਰ ਵੈਸ਼ਣਵੀ ਕੁਮਾਰ ਦੀ ਖੁਦਕੁਸ਼ੀ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਨੂੰ ਕੰਮ 'ਤੇ 'ਅਪਮਾਨਿਤ' ਕੀਤਾ ਜਾਂਦਾ ਸੀ ਅਤੇ ਉਹ ਘਰ ਆ ਕੇ ਰੋਂਦੀ ਹੁੰਦੀ ਸੀ।

ਵਿਰੋਧੀ ਲੇਬਰ ਪਾਰਟੀ ਦੀ ਸੀਨੀਅਰ ਸੰਸਦ ਮੈਂਬਰ ਗਿੱਲ ਨੇ ਕਿਹਾ ਕਿ ਕੁਮਾਰ ਦੇ ਸੰਪਰਕ 'ਚ ਰਹੇ ਕਈ ਕਰਮਚਾਰੀਆਂ ਨੇ ਕਿਹਾ ਕਿ ਐਨ.ਐਚ.ਐਸ. ਹਸਪਤਾਲ ਵਿੱਚ 'ਮੂੰਹ ਬੰਦ ਰੱਖੋ ਜਾਂ ਕੰਮ ਛੱਡ ਦਿਓ' ਦਾ ਵਰਤਾਰਾ ਚੱਲਦਾ ਸੀ। 

ਗਿੱਲ ਨੇ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ, ਤਾਂ ਜੋ ਲੋਕ ਖੁਦ ਅੱਗੇ ਆ ਕੇ ਗਵਾਹੀ ਦੇਣ ਲਈ ਸੁਰੱਖਿਅਤ ਮਹਿਸੂਸ ਕਰਨ।

ਯੂ.ਐਚ.ਬੀ. ਯੂਕੇ ਦੇ ਵੱਡੇ ਐਨ.ਐਚ.ਐਸ. ਟਰੱਸਟਾਂ ਵਿੱਚੋਂ ਇੱਕ ਹੈ, ਜੋ ਖੇਤਰ ਵਿੱਚ ਕਈ ਹਸਪਤਾਲਾਂ ਦਾ ਪ੍ਰਬੰਧਨ ਕਰਦਾ ਹੈ।

ਯੂ.ਐਚ.ਬੀ. ਨੇ ਇੱਕ ਬਿਆਨ ਵਿੱਚ ਕਿਹਾ, "ਸਾਨੂੰ ਦਿੱਤੇ ਜਾ ਰਹੇ ਸਮਰਥਨ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਅਸੀਂ ਐਨ.ਐਚ.ਐਸ. ਵਿੱਚ ਆਪਣੇ ਸਹਿਯੋਗੀਆਂ ਨਾਲ ਸਕਾਰਾਤਮਕ ਢੰਗ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।"