Punjab News: 7 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ
ਮਾਮਲਾ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦਾ ਹੈ।
Punjab News: ਅੰਮ੍ਰਿਤਸਰ : ਸੁਨਹਿਰੇ ਭਵਿੱਖ ਦੀ ਤਲਾਸ਼ 'ਚ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮਾਮਲਾ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦਾ ਹੈ। ਜਿੱਥੋਂ ਦਾ 27 ਸਾਲਾ ਨੌਜਵਾਨ ਜੋ ਕਿ ਕਰੀਬ ਸੱਤ ਮਹੀਨੇ ਪਹਿਲਾਂ ਕੈਨੇਡਾ ਵਿਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਪਰ ਇਸ ਦੌਰਾਨ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਕਾਰਨ ਗੁਰਜੰਟ ਸਿੰਘ ਦੀ ਮੌਤ ਹੋ ਗਈ ਹੈ।
ਗੁਰਜੰਟ ਸਿੰਘ ਦੀ ਮੌਤ ਹੋ ਜਾਣ ਦੀ ਖ਼ਬਰ ਪਰਿਵਾਰ ਅਤੇ ਪਿੰਡ ਵਿਚ ਪਤਾ ਲੱਗਣ ਤੋਂ ਬਾਅਦ ਸੋਗ ਦੀ ਲਹਿਰ ਛਾ ਗਈ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਨੌਜਵਾਨ ਗੁਰਜੰਟ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚ ਰਹੇ ਹਨ। ਇਸ ਮੌਕੇ ਗੱਲ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਦਲਬੀਰ ਸਿੰਘ ਨੇ ਦੱਸਿਆ ਕਿ ਪੁੱਤਰ ਗੁਰਜੰਟ ਸਿੰਘ ਬੇਹੱਦ ਮਿੱਠੇ ਸੁਭਾਵ ਦਾ ਮਾਲਕ ਸੀ। ਉਹ ਪਰਿਵਾਰ ਲਈ ਕੁੱਝ ਕਰਨਾ ਚਾਹੁੰਦਾ ਸੀ ਇਸ ਲਈ ਉਹ ਕੁਝ ਸਾਲ ਪਹਿਲਾਂ ਕੰਮ ਕਾਜ ਲਈ ਸਿੰਗਾਪੁਰ ਗਿਆ ਸੀ।
ਉਥੋਂ ਵਾਪਿਸ ਆਉਣ ਮਗਰੋਂ ਕਰੀਬ ਸੱਤ ਮਹੀਨੇ ਪਹਿਲਾਂ ਉਹ ਸਿੰਘਾਪੁਰ ਤੋਂ ਵਰਕ ਪਰਮਿਟ ਦੇ ਉੱਤੇ ਕੈਨੇਡਾ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਗੁਰਜੰਟ ਸਿੰਘ ਆਪਣੇ ਦੋ ਸਾਥੀਆਂ ਨਾਲ ਕਿਸੇ ਕੰਮ ਲਈ ਗਿਆ ਸੀ ਕਿ ਇਸ ਦੌਰਾਨ ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਬੇਵਕਤੀ ਮੌਤ ਹੋ ਗਈ ਹੈ। ਉਹਨਾਂ ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਜੰਟ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਦੇ ਲਈ ਉਪਰਾਲਾ ਕੀਤਾ ਜਾਵੇ ਤਾਂ ਜੋ ਉਹ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।
(For more news apart from Punjab News, stay tuned to Rozana Spokesman)