ਪਿੰਡ ਭਾਗੋਵਾਲ ਦੇ ਜੋਗਰਾਜ ਸਿੰਘ ਕਾਹਲੋਂ ਨੂੰ ਕੈਨੇਡਾ ਵਿਧਾਨ ਸਭਾ ’ਚ ਮਿਲੀ ਅਹਿਮ ਜ਼ਿੰਮੇਵਾਰੀ
ਅਹੁਦੇ ਤਕ ਪਹੁੰਚਣ ਵਾਲੇ ਬਣੇ ਪਹਿਲੇ ਅੰਤਰ-ਰਾਸ਼ਟਰੀ ਵਿਦਿਆਰਥੀ
ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਰਵੀ ਭਗਤ) : ਪਿੰਡ ਭਾਗੋਵਾਲ ਦੇ ਜੰਮਪਲ ਜੋਗਰਾਜ ਸਿੰਘ ਕਾਹਲੋਂ ਨੂੰ ਕੈਨੇਡਾ ਸਰਕਾਰ ਵਲੋਂ ਬਹੁਤ ਹੀ ਅਹਿਮ ਤੇ ਜ਼ਿੰਮੇਵਾਰ ਅਹੁਦਾ ਦਿੰਦਿਆਂ ਵਿਧਾਨ ਸਭਾ (ਬੀਸੀ) ਕੈਨੇਡਾ ’ਚ ਕੰਜ਼ਰਵੇਟਿਵ ਪਾਰਟੀ ਦਾ ਕਮਿਊਨੀਕੇਸ਼ਨ ਅਫ਼ਸਰ ਨਿਯੁਕਤ ਕੀਤਾ ਹੈ।
ਕਾਹਲੋਂ ਵੱਡੀ ਗਿਣਤੀ ਵਿਚ ਬੀ.ਸੀ ਵਿਚ ਵਸ ਰਹੇ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣ ਕੇ ਉਸ ਨੂੰ ਵਿਧਾਨ ਸਭਾ ’ਚ ਪਹੁੰਚਾਉਣ ’ਚ ਅਹਿਮ ਯੋਗਦਾਨ ਨਿਭਾਉਣਗੇ। ਜੋਗਰਾਜ ਸਿੰਘ ਕਾਹਲੋਂ ਦੇ ਪਿਤਾ ਗੁਰਭਿੰਦਰ ਸਿੰਘ ਸ਼ਾਹ ਤੇ ਸਹੁਰੇ ਸਮਾਜ ਸੇਵੀ ਰੁਪਿੰਦਰ ਸਿੰਘ ਸ਼ਾਮਪੁਰਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਜੋਗਰਾਜ ਸਿੰਘ ਕਾਹਲੋਂ ਪਿਛਲੇ 5 ਸਾਲ ਤੋਂ ਇਕ ਨਾਮਵਰ ਅਦਾਰਾ ਪ੍ਰਾਈਮ ਏਸ਼ੀਆ (ਟੀਵੀ) ਕੈਨੇਡਾ ਦੇ ਮੁਖ ਦਫ਼ਤਰ ’ਚ ਹੋਸਟ ਵਜੋਂ ਕੰਮ ਕਰ ਰਿਹਾ ਸੀ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਹਨ ਰਸਟੈਡ ਨੇ ਕਿਹਾ ਕਿ ਜੋਗਰਾਜ ਪਹਿਲੇ ਅੰਤਰ ਰਾਸ਼ਟਰੀ ਮੈਕੇਨਿਕਲ ਇੰਜੀਨੀਅਰ ਵਿਦਿਆਰਥੀ ਛੋਟੀ ਉਮਰ ਵਿਚ ਹੀ ਇਸ ਮਾਣਮੱਤੇ ਅਹੁਦੇ ਤੱਕ ਪਹੁੰਚੇ ਹਨ।
ਇਸ ਮੌਕੇ ਜੌਹੀ ਟੂਰ ਐਮਐਲਏ, ਮਨਦੀਪ ਧਾਲੀਵਾਲ ਐਮਐਲਏ, ਹਰਮਨ ਭੰਗੂ ਐਮਐਲਏ, ਕੈਨੇਡਾ ਆਦਿ ਨੇ ਜੋਗਰਾਜ ਕਾਹਲੋਂ ਨੂੰ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿਚ ਇਹ ਵੱਡੀ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿਤੀ। ਉਧਰ ਜੋਗਰਾਜ ਕਾਹਲੋਂ ਦੀ ਇਸ ਪ੍ਰਾਪਤੀ ਤੇ ਪਿੰਡ ਭਾਗੋਵਾਲ ’ਚ ਵੀ ਖ਼ੁਸ਼ੀ ਪ੍ਰਗਟਾਈ ਜਾ ਰਹੀ ਹੈ।