ਕੈਨੇਡਾ: ਭਾਰਤੀ ਤੈਰਾਕੀ ਵਿਦਿਆਰਥੀਆਂ ਲਈ ਭਾਰਤੀ ਹਾਈ ਕਮਿਸ਼ਨ ਨੇ ਜਾਰੀ ਕੀਤੀ ਐਡਵਾਇਜ਼ਰੀ
ਇਸ ਸਾਲ ਅਪ੍ਰੈਲ 'ਚ ਵਾਪਰੀਆਂ 2 ਦੁਖਦਾਈ ਘਟਨਾਵਾਂ ਤੋਂ ਬਾਅਦ ਤੈਰਾਕੀ ਵਿਚ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ
ਓਟਾਵਾ : ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨ ਨੇ ਭਾਰਤੀ ਤੈਰਾਕੀ ਵਿਦਿਆਰਥੀਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿਚ ਇਸ ਸਾਲ ਅਪ੍ਰੈਲ 'ਚ ਵਾਪਰੀਆਂ 2 ਦੁਖਦਾਈ ਘਟਨਾਵਾਂ ਤੋਂ ਬਾਅਦ ਤੈਰਾਕੀ ਵਿਚ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਇਹ ਐਡਵਾਈਜ਼ਰੀ ਭਾਰਤੀ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ 'ਤੇ ਪੋਸਟ ਕੀਤੀ ਸੀ ਕਿ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੀਆਂ ਡੁੱਬਣ ਨਾਲ ਮੌਤਾਂ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧੇ ਨੂੰ ਲੈ ਕੇ ਹਾਈ ਕਮਿਸ਼ਨ ਚਿੰਤਤ ਹੈ।
ਹਾਈ ਕਮਿਸ਼ਨ ਨੇ ਆਪਣੀ ਐਡਵਾਈਜ਼ਰੀ 'ਚ ਭਾਰਤੀ ਵਿਦਿਆਰਥੀਆਂ ਨੂੰ ਸਥਾਨਕ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਝੀਲਾਂ ਜਾਂ ਨਦੀਆਂ 'ਤੇ ਜਾਣ ਵੇਲੇ ਲਾਈਫ ਜੈਕਟਾਂ ਵਰਗੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਵਿਦਿਆਰਥੀਆਂ ਨੂੰ ਤੈਰਾਕੀ ਜਾਂ ਗੋਤਾਖੋਰੀ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਨੂੰ ਤੈਰਾਕੀ ਨਹੀਂ ਆਉਂਦੀ, ਉਨ੍ਹਾਂ ਨੂੰ ਸਿੱਖਣ ਦੇ ਮਕਸਦ ਨਾਲ ਨਦੀ ਜਾਂ ਝੀਲ ਵਿਚ ਨਹੀਂ ਜਾਣਾ ਚਾਹੀਦਾ।
ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕਈ ਵਾਰ ਵਿਦਿਆਰਥੀ ਸ਼ਰਾਬ ਦੇ ਨਸ਼ੇ 'ਚ ਵਾਟਰ ਸਪੋਰਟਸ ਖੇਡਣ ਦੀ ਕੋਸ਼ਿਸ਼ ਕਰਦੇ ਹਨ ਤੇ ਲੋਕ ਪਾਣੀ 'ਚ ਉਤਰ ਜਾਂਦੇ ਹਨ, ਜਿਨ੍ਹਾਂ ਨੂੰ ਤੈਰਾਕੀ ਦਾ ਬਿਲਕੁਲ ਵੀ ਤਜਰਬਾ ਨਹੀਂ ਹੁੰਦਾ, ਜਿਸ ਦੇ ਨਤੀਜੇ ਵਜੋਂ ਹਾਦਸਾ ਵਾਪਰ ਜਾਂਦਾ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਘਟਨਾਵਾਂ ਨੂੰ ਰੋਕਣ ਲਈ ਵਿਦਿਆਰਥੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੀਆਂ ਖਤਰਨਾਕ ਗਤੀਵਿਧੀਆਂ ਤੋਂ ਬਚਣ।