US Road Accident: ਅਮਰੀਕਾ ਸੜਕ ਹਾਦਸੇ ਵਿਚ ਭਾਰਤੀ ਮੂਲ ਦੇ ਤਿੰਨ ਵਿਦਿਆਰਥੀਆਂ ਦੀ ਗਈ ਜਾਨ, 2 ਹੋਰ ਜਖ਼ਮੀ
ਸ਼੍ਰਿਆ ਅਵਸਰਾਲਾ, ਅਨਵੀ ਸ਼ਰਮਾ ਅਤੇ ਆਰੀਅਨ ਜੋਸ਼ੀ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
ਵਾਸ਼ਿੰਗਟਨ - ਅਮਰੀਕਾ ਦੇ ਜਾਰਜੀਆ ਸੂਬੇ 'ਚ ਇਕ ਭਿਆਨਕ ਸੜਕ ਹਾਦਸੇ 'ਚ ਭਾਰਤੀ ਮੂਲ ਦੇ ਤਿੰਨ ਅਮਰੀਕੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਸ਼੍ਰਿਆ ਅਵਸਰਾਲਾ, ਅਨਵੀ ਸ਼ਰਮਾ ਅਤੇ ਆਰੀਅਨ ਜੋਸ਼ੀ ਵਜੋਂ ਹੋਈ ਹੈ, ਜੋ ਪਿਛਲੇ ਹਫ਼ਤੇ ਅਲਫਾਰੇਟਾ ਦੇ ਵੈਸਟਸਾਈਡ ਪਾਰਕਵੇਅ 'ਤੇ ਹਾਦਸਾਗ੍ਰਸਤ ਹੋਏ ਵਾਹਨ ਵਿਚ ਸਵਾਰ ਸਨ।
ਮੌਕੇ 'ਤੇ ਮੌਜੂਦ ਸਬੂਤਾਂ ਦੇ ਆਧਾਰ 'ਤੇ ਮੰਨਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਆਪਣੀ ਕਾਰ 'ਤੇ ਕੰਟਰੋਲ ਗੁਆ ਦਿੱਤਾ ਸੀ, ਜਿਸ ਤੋਂ ਬਾਅਦ ਕਾਰ ਪਲਟ ਗਈ।
ਕਾਰ 'ਚ ਸਵਾਰ ਜੋਸ਼ੀ ਅਤੇ ਅਵਸਰਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਤਿੰਨਾਂ ਨੂੰ ਇਲਾਜ ਲਈ ਨਾਰਥ ਫੁਲਟਨ ਹਸਪਤਾਲ ਲਿਜਾਇਆ ਗਿਆ। ਅਲਫਾਰੇਟਾ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਸ਼ਰਮਾ ਦੀ ਹਸਪਤਾਲ ਵਿਚ ਮੌਤ ਹੋ ਗਈ।
ਜਾਰਜੀਆ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਵਾਹਨ ਦੇ ਡਰਾਈਵਰ ਰਿਤਵਾਕ ਸੋਮਪੱਲੀ ਅਤੇ ਅਲਫਾਰੇਟਾ ਹਾਈ ਸਕੂਲ ਦੇ ਵਿਦਿਆਰਥੀ ਮੁਹੰਮਦ ਲਿਆਕਤ ਦੀ ਪਛਾਣ ਜ਼ਖਮੀ ਹੋਏ ਦੋ ਹੋਰ ਵਿਦਿਆਰਥੀਆਂ ਵਜੋਂ ਹੋਈ ਹੈ। ਬਿਆਨ ਮੁਤਾਬਕ ਸਾਰਿਆਂ ਦੀ ਉਮਰ 18 ਸਾਲ ਸੀ।