ਚੱਕੀ ਦਰਿਆ ’ਤੇ ਬਣਿਆ ਰੇਲਵੇ ਪੁਲ ਟੁੱਟਣ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਹਿਮਾਚਲ ਪ੍ਰਸ਼ਾਸਨ ਨੇ 15 ਦਿਨਾਂ ’ਚ ਰਿਪੋਰਟ ਸੌਂਪਣ ਲਈ ਕਿਹਾ 

Order of magisterial inquiry into the collapse of the railway bridge built on Chakki river

ਕਾਂਗੜਾ : ਭਾਰੀ ਬਾਰਿਸ਼ ਦੇ ਚਲਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਚੱਕੀ ਦਰਿਆ ’ਤੇ ਬਣਿਆ ਰੇਲਵੇ ਪੁਲ ਢਹਿ ਢੇਰੀ ਹੋ ਗਿਆ ਸੀ ਜਿਸ ਤੋਂ ਬਾਅਦ ਆਵਾਜਾਈ ਠੱਪ ਹੋ ਗਈ ਸੀ। ਇਸ ਮਾਮਲੇ ਵਿਚ ਹੁਣ ਕਾਂਗੜਾ ਦੇ ਜ਼ਿਲ੍ਹਾ ਮੈਜਿਸਟਰੇਟ ਨਿਪੁਨ ਜਿੰਦਲ ਨੇ ਇਸ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਨੂਰਪੁਰ ਤਹਿਸੀਲ ’ਚ ਪੈਂਦੇ ਰੇਲਵੇ ਪੁਲ ਦੇ ਹਿੱਸੇ ਦੇ ਡਿੱਗਣ ਦੀ ਇਹ ਜਾਂਚ ਕਰਵਾਈ ਜਾ ਰਹੀ ਹੈ।

ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਰਿਪੋਰਟ ਦੋ ਹਫਤੇ ਵਿਚ ਦੇਣ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਰੋਹਿਤ ਰਾਠੌੜ ਇਸ ਮਾਮਲੇ ਦੀ ਜਾਂਚ ਕਰਕੇ 15 ਦਿਨਾਂ ’ਚ ਰਿਪੋਰਟ ਸੌਂਪਣਗੇ। ਦੱਸ ਦੇਈਏ ਕਿ ਇਹ ਪੁਲ ਅੰਗਰੇਜ਼ਾਂ ਦੇ ਰਾਜ ਸਮੇਂ ਬਣਿਆ ਸੀ ਜਿਸ ’ਤੇ ਕਈ ਰੇਲ ਗੱਡੀਆਂ ਚਲਦੀਆਂ ਸਨ ਪਰ ਹੁਣ ਇਸ ਦੇ ਟੁੱਟਣ ਕਾਰਨ ਅਗਲੇ ਹੁਕਮਾਂ ਤੱਕ ਆਵਾਜਾਈ ਬੰਦ ਕਰ ਦਿਤੀ ਗਈ ਹੈ।

ਜ਼ਿਕਰਯੋਗ ਹੈ ਕਿ ਚੱਕੀ ਦਰਿਆ 'ਤੇ ਬਣੇ ਇਸ ਪੁਲ ਦੇ ਦੋ ਪਿੱਲਰ ਭਾਰੀ ਬਾਰਿਸ਼ ਮਗਰੋਂ ਆਏ ਹੜ੍ਹ ਕਾਰਨ ਰੁੜ੍ਹ ਗਏ ਸਨ ਜਿਸ ਨਾਲ ਪੰਜਾਬ ਅਤੇ ਹਿਮਾਚਲ ਦਾ ਆਪਸੀ ਸੰਪਰਕ ਟੁੱਟ ਗਿਆ ਸੀ।