Canada News: ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚੋਣਾਂ ਅਗਲੇ ਮਹੀਨੇ, ਮੈਦਾਨ ’ਚ ਹਨ 11 ਪੰਜਾਬਣਾਂ
ਇਸ ਵਾਰ 43ਵੀਂ ਅਸੈਂਬਲੀ ਚੁਣਨ ਲਈ ਵੋਟਾਂ ਪੈਣੀਆਂ ਹਨ।
British Columbia Assembly elections next month Canada News: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਮਹੀਨੇ ਹੋਣ ਜਾ ਰਹੀਆਂ ਹਨ। ਇਸ ਵਾਰ 43ਵੀਂ ਅਸੈਂਬਲੀ ਚੁਣਨ ਲਈ ਵੋਟਾਂ ਪੈਣੀਆਂ ਹਨ। ਸੰਵਿਧਾਨ ਅਨੁਸਾਰ ਇਹ ਚੋਣਾਂ 19 ਅਕਤੂਬਰ ਤੋਂ ਪਹਿਲਾਂ-ਪਹਿਲਾਂ ਕਰਵਾਉਣੀਆਂ ਤੈਅ ਹਨ। ਇਸ ਵਾਰ 11 ਪੰਜਾਬਣਾਂ ਚੋਣ ਮੈਦਾਨ ’ਚ ਹਨ, ਜਿਨ੍ਹਾਂ ’ਚੋਂ ਨੌਂ ਨਿਊ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਹਨ।
ਇਸ ਪਾਰਟੀ ਦੇ ਕੌਮੀ ਮੁਖੀ ਜਗਮੀਤ ਸਿੰਘ ਹਨ। ਇਸ ਵਾਰ ਕਨਜ਼ਰਵੇਟਿਵ ਪਾਰਟੀ ਨੇ ਸਿਰਫ਼ ਇਕ ਪੰਜਾਬਣ ਨੂੰ ਟਿਕਟ ਦਿਤੀ ਹੈ, ਜਦ ਕਿ ਇਕ ਆਜ਼ਾਦ ਉਮੀਦਵਾਰ ਹੈ। ਪਿਛਲੀ ਭਾਵ 42ਵੀਂ ਵਿਧਾਨ ਸਭਾ ’ਚ ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਰਹੇ ਨਿੱਕੀ ਸ਼ਰਮਾ, ਸਿਖਿਆ ਮੰਤਰੀ ਰਚਨਾ ਸਿੰਘ, ਸੰਸਦੀ ਸਕੱਤਰ ਹਰਵਿੰਦਰ ਕੌਰ ਸੰਧੂ, ਵਿਧਾਇਕਾ ਜਿੰਨੀ ਸਿਮਜ਼ ਦੋਬਾਰਾ ਚੋਣ ਲੜ ਰਹੇ ਹਨ; ਜਦ ਕਿ ਵੈਨਕੂਵਰ-ਲੰਗਾਰਾ ਤੋਂ ਸੁਨੀਤਾ ਧੀਰ, ਸਾਰ੍ਹਾ ਕੂਨਰ, ਜੱਸੀ ਸੁੰਨੜ, ਰੀਆ ਅਰੋੜਾ, ਕੈਮਲੂਪਸ ਕੇਂਦਰੀ ਖੇਤਰ ਤੋਂ ਕਮਲ ਗਰੇਵਾਲ ਚੋਣ ਮੈਦਾਨ ’ਚ ਹਨ। ਕਨਜ਼ਰਵੇਟਿਵ ਪਾਰਟੀ ਵਲੋਂ ਡਾ. ਜਿਓਤੀ ਤੂਰ ਤੇ ਦੀਪਿੰਦਰ ਕੌਰ ਸਰਾਂ ਆਜ਼ਾਦ ਉਮੀਦਵਾਰ ਵਜੋਂ ਮੈਦਾਨ ’ਚ ਹਨ।
ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਇਲਾਕੇ ਅਜਿਹੇ ਹਨ, ਜਿਥੇ ਪੰਜਾਬੀ ਕਿੰਗ-ਮੇਕਰ ਹਨ; ਭਾਵ ਉਨ੍ਹਾਂ ਦੀਆਂ ਵੋਟਾਂ ਨਾਲ ਵੱਡੇ ਫੇਰ-ਬਦਲ ਵੀ ਹੋ ਸਕਦੇ ਹਨ। ਕੈਨੇਡਾ ਦੀ ਕੁੱਲ ਆਬਾਦੀ 3.70 ਕਰੋੜ ਹੈ, ਜਿਸ ਵਿਚੋਂ 16 ਲੱਖ ਭਾਵ ਚਾਰ ਫ਼ੀ ਸਦੀ ਭਾਰਤੀ ਮੂਲ ਦੇ ਹਨ। ਉਨ੍ਹਾਂ ’ਚੋਂ 7.70 ਲੱਖ ਸਿੱਖ ਹਨ।