ਜੋ ਬਾਈਡਨ ਨੇ ਰੂਸ ਖਿਲਾਫ਼ ਲਗਾਈਆਂ ਕਈ ਵਿੱਤੀ ਪਾਬੰਦੀਆਂ, ਯੂਕਰੇਨ 'ਤੇ ਪੁਤਿਨ ਦੇ ਕਦਮ ਨੂੰ ਦੱਸਿਆ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਜੇਕਰ ਪੁਤਿਨ ਕੋਈ ਹੋਰ ਕਾਰਵਾਈ ਕਰਦਾ ਹੈ ਤਾਂ ਹੋਰ ਪਾਬੰਦੀਆਂ ਲਾਈਆਂ ਜਾਣਗੀਆਂ।

Joe Biden

 

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਕਿ ਅਮਰੀਕਾ ਰੂਸੀ ਬੈਂਕਾਂ ਅਤੇ ਕੁਲੀਨ ਵਰਗ ਦੇ ਖਿਲਾਫ਼ ਸਖ਼ਤ ਵਿੱਤੀ ਪਾਬੰਦੀਆਂ ਦਾ ਆਦੇਸ਼ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਸਕੋ ਨੇ ਯੂਕਰੇਨ 'ਤੇ ਹਮਲਾ ਕਰਕੇ ਕੌਮਾਂਤਰੀ ਕਾਨੂੰਨ ਦੀ ਖੁੱਲ੍ਹੇਆਮ ਉਲੰਘਣਾ ਕੀਤੀ ਹੈ।
ਬਿਡੇਨ ਨੇ ਕਿਹਾ ਕਿ ਸਾਡੇ ਵਿਚੋਂ ਕੋਈ ਵੀ ਯੂਕਰੇਨ ਬਾਰੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਾਅਵਿਆਂ ਤੋਂ ਮੂਰਖ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ ਜੇਕਰ ਪੁਤਿਨ ਕੋਈ ਹੋਰ ਕਾਰਵਾਈ ਕਰਦਾ ਹੈ ਤਾਂ ਹੋਰ ਪਾਬੰਦੀਆਂ ਲਾਈਆਂ ਜਾਣਗੀਆਂ।

ਬਾਈਡਨ ਨੇ ਕਿਹਾ ਕਿ ਅਮਰੀਕਾ ਪੂਰਬ 'ਚ ਰੂਸ ਦੀ ਮੌਜੂਦਗੀ ਵਧਣ ਦੇ ਮੱਦੇਨਜ਼ਰ ਨਾਟੋ ਬਾਲਟਿਕ ਸਹਿਯੋਗੀਆਂ ਦੀ ਸੁਰੱਖਿਆ ਲਈ ਵਾਧੂ ਬਲ ਭੇਜ ਰਿਹਾ ਹੈ। ਜੋ ਬਾਈਡਨ ਨੇ ਯੁਕਰੇਨ ਉੱਪਰ ਹਮਲੇ ਨੂੰ ਲੈ ਕੇ ਰੂਸ ਵਿਰੁੱਧ ਵਿੱਤੀ ਪਾਬੰਦੀਆਂ ਲਾਉਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਮਾਸਕੋ ਨੂੰ ਆਪਣੇ ਕੀਤੇ ਦੀ ਕੀਮਤ ਚੁਕਾਉਣੀ ਪਵੇਗੀ। ਬਾਈਡਨ ਨੇ ਕਿਹਾ ਹੈ ਕਿ ਜੇਕਰ ਰੂਸ ਯੁਕਰੇਨ 'ਤੇ ਆਪਣੀ ਹਮਲਾਵਰ ਕਾਰਵਾਈ ਜਾਰੀ ਰੱਖਦਾ ਹੈ ਤਾਂ ਉਸ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ।

ਉਨ੍ਹਾਂ ਨੇ ਰੂਸ ਦੀਆਂ ਦੋ ਵੱਡੀਆਂ ਵਿੱਤੀ ਸੰਸਥਾਵਾਂ ਉੱਪਰ ਮੁਕੰਮਲ ਪਾਬੰਦੀ ਲਾਉਣ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ ਸੁਤੰਤਰ ਕਰਜ਼ਾ ਵਿਵਸਥਾ ਵੀ ਠੱਪ ਕਰਨ ਦਾ ਐਲਾਨ ਕੀਤਾ। ਬਾਈਡਨ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਅਸੀਂ ਰੂਸ ਦੀ ਸਰਕਾਰ ਨੂੰ ਪੱਛਮੀ ਵਿੱਤੀ ਵਿਵਸਥਾ ਨਾਲੋਂ ਅਲਗ ਕਰ ਦਿੱਤਾ ਹੈ। ਰੂਸ ਪੱਛਮ ਤੋਂ ਪੈਸਾ ਨਹੀਂ ਜੁਟਾ ਸਕੇਗਾ ਤੇ ਨਾ ਹੀ ਉਹ ਸਾਡੀਆਂ ਮੰਡੀਆਂ ਜਾਂ ਯੂਰਪੀ ਮੰਡੀਆਂ ਵਿਚ ਨਵੀਂ ਕਰਜ਼ਾ ਵਿਵਸਥਾ ਤਹਿਤ ਵਪਾਰ ਕਰ ਸਕੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਦੇ ਉੱਚ ਵਰਗ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਉੱਪਰ ਵੀ ਪਾਬੰਦੀਆਂ ਲਗਾਈਆਂ ਜਾਣਗੀਆਂ ਤੇ ਇਹ ਪਾਬੰਦੀਆਂ ਬੁੱਧਵਾਰ ਤੋਂ ਲਾਗੂ ਹੋ ਜਾਣਗੀਆਂ।

ਬਾਈਡਨ ਨੇ ਕਿਹਾ ਕਿ ਰੂਸੀ ਨਾਗਰਿਕ ਕਰੈਮਲਿਨ ਨੀਤੀਆਂ ਦੀਆਂ ਭ੍ਰਿਸ਼ਟ ਤਰੀਕੇ ਨਾਲ ਪ੍ਰਾਪਤੀਆਂ ਉੱਪਰ ਖ਼ੁਸ਼ੀ ਪ੍ਰਗਟਾਉਂਦੇ ਹਨ, ਇਸ ਲਈ ਉਨ੍ਹਾਂ ਨੂੰ ਦੁੱਖਾਂ ਵਿਚ ਵੀ ਬਰਾਬਰ ਦੇ ਹਿੱਸੇਦਾਰ ਬਣਨਾ ਪਵੇਗਾ। ਬਾਈਡਨ ਨੇ ਕਿਹਾ ਕਿ ਉਹ ਪਹਿਲਾਂ ਹੀ ਯੂਰਪ ਵਿਚ ਅਮਰੀਕੀ ਫੋਰਸਾਂ ਦੀ ਹੋਰ ਸਰਗਰਮੀ ਲਈ ਆਦੇਸ਼ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਠੋਸ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਮਰੀਕਾ ਆਪਣੇ ਮਿੱਤਰ ਦੇਸ਼ਾਂ ਨਾਲ ਮਿਲ ਕੇ ਨਾਟੋ ਖੇਤਰ ਦੇ ਇਕ-ਇਕ ਇੰਚ ਦੀ ਰਾਖੀ ਕਰੇਗਾ ਤੇ ਉਸ ਨੂੰ ਹੋਰ ਕਿਸੇ ਨੂੰ ਹਥਿਆਉਣ ਨਹੀਂ ਦੇਵੇਗਾ।