ਅਮਰੀਕਾ ਦੀ ਜੇਲ੍ਹ 'ਚ ਕੈਦ ਸ਼ਰਨਾਰਥੀਆਂ ਦੇ ਹੱਕ 'ਚ ਨਿਤਰੇ ਜਗਮੀਤ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਹੁਣ ਅਮਰੀਕਾ ਦੇ ਯੈਮਹਿਲ ਕਾਊਂਟੀ ਖੇਤਰ ਤੋਂ ਖ਼ਬਰ ਮਿਲੀ ਹੈ ਕਿ ਉਥੇ ਸਥਿਤ ਸ਼ੈਰੇਡਨ ਜੇਲ੍ਹ ਵਿਚ 50 ਤੋਂ ਵੱਧ ਸਿੱਖਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ।

Jagmeet singh

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀ ਸ਼ਰਨਾਰਥੀਆਂ ਨੂੰ ਲੈ ਕੇ ਅਪਣੀ ਨੀਤੀ ਸਖ਼ਤ ਕੀਤੀ ਹੋਈ ਹੈ। ਅਮਰੀਕਾ ਵਲੋਂ ਅਮਰੀਕੀ ਖੇਤਰ ਵਿਚ ਦਾਖ਼ਲ ਹੋਣ ਵਾਲੇ ਸ਼ਰਨਾਰਥੀਆਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਕਰ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ। ਹੁਣ ਅਮਰੀਕਾ ਦੇ ਯੈਮਹਿਲ ਕਾਊਂਟੀ ਖੇਤਰ ਤੋਂ ਖ਼ਬਰ ਮਿਲੀ ਹੈ ਕਿ ਉਥੇ ਸਥਿਤ ਸ਼ੈਰੇਡਨ ਜੇਲ੍ਹ ਵਿਚ 50 ਤੋਂ ਵੱਧ ਸਿੱਖਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ। ਇਸਦੇ ਚਲਦੇ ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਅਮਰੀਕਾ `ਚ ਕੈਦ ਪੰਜਾਬੀਆਂ ਦੇ ਹੱਕ ਵਿਚ ਨਿਤਰੇ ਹਨ |

ਜਗਮੀਤ ਸਿੰਘ ਇਸ ਘਟਨਾ 'ਤੇ ਬੋਲਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਸ਼ਰਨਾਰਥੀਆਂ ਵਜੋਂ ਪਨਾਹ ਲੈਣ ਵਾਲੇ ਪ੍ਰਵਾਸੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੰਗ ਕੀਤੀ ਕਿ ਉਹ ਮਨੁੱਖੀ ਅਧਿਕਾਰਾਂ ਲਈ ਖੜ੍ਹੇ ਹੋਣ ਇਹ ਸਾਰੀ ਜਾਣਕਾਰੀ ਉਨ੍ਹਾਂ ਟਵੀਟ ਕਰਕੇ ਸਾਂਝੀ ਕੀਤੀ। ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਇਨ੍ਹਾਂ ਲੋਕਾਂ ਪ੍ਰਤੀ ਚਿੰਤਾ ਜਤਾਉਂਦੇ ਹੋਏ ਕਿਹਾ ਹੈ ਕਿ ਇਨ੍ਹਾਂ ਸ਼ਰਨਾਰਥੀਆਂ ਨਾਲ ਬਹੁਤ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ |

ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਨਾਰਥੀਆਂ ਵਿਚ ਕੈਨੇਡਾ ਦੇ ਨਾਲ ਨਾਲ ਹੋਰ ਮੁਲਕਾਂ ਦੇ ਲੋਕ ਵੀ ਸ਼ਾਮਿਲ ਹਨ |  ਉਨ੍ਹਾਂ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਬੰਦ 92 ਭਾਰਤੀਆਂ 'ਚੋ ਜ਼ਿਆਦਾਤਰ ਪੰਜਾਬੀ ਹਨ |ਜਗਮੀਤ ਸਿੰਘ ਨੇ ਕਿਹਾ ਕਿ ਇਹ ਲੋਕ ਅਮਰੀਕਾ ਵਿੱਚ ਨਜਾਇਜ਼ ਢੰਗ ਨਾਲ ਦਾਖਲ ਹੋ ਰਹੇ ਸਨ ਪਰ ਹੁਣ ਟਰੰਪ ਦੀ ਸਖਤ ਕਾਰਵਾਈ ਕਰ ਇਹ ਲੋਕ ਅਪਣੇ ਪਰਵਾਰਾਂ ਤੋਂ ਵਿਛੜ ਚੁਕੇ ਹਨ ਅਤੇ ਅਮਰੀਕਨ ਦੀ ਜੇਲ੍ਹਾਂ ਵਿੱਚ ਬੰਦ ਹਨ |ਜਗਮੀਤ ਸਿੰਘ ਕੈਨੇਡਾ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਦਰਿੰਦਗੀ ਭਰੀ ਇਸ ਕਾਰਵਾਈ 'ਤੇ ਕੋਈ ਕਾਰਵਾਈ ਜਰੂਰ ਕੀਤੀ ਜਾਵੇ |

ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ‘ਸੇਫ਼ ਥਰਡ ਕੰਟਰੀ` ਸਮਝੌਤਾ ਮੁਲਤਵੀ ਕਰ ਦੇਣਾ ਚਾਹੀਦਾ ਹੈ ਅਤੇ ਲੋੜਵੰਦ ਤੇ ਪੀੜਤ ਬੱਚਿਆਂ ਅਤੇ ਹੋਰ ਪ੍ਰਵਾਸੀਆਂ ਨੂੰ ਰਹਿਣ ਦੇਣਾ ਚਾਹੀਦਾ ਹੈ। ਅਤੇ ਉਨ੍ਹਾਂ ਇਸ ਸਬੰਧੀ ਪਟੀਸ਼ਨ ਵੀ ਤਿਆਰ ਕੀਤੀ ਹੈ।ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ US -ਮੈਕਸੀਕੋ ਸਰਹੱਦ ‘ਤੇ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ‘ਤੇ ਰੋਕ ਲਗਾਉਣ ਵਾਲੇ ਹੁਕਮਾਂ ‘ਤੇ ਹਸਤਾਖਰ ਕਰ ਦਿੱਤੇ ਸਨ । ਜਿਸਦੇ ਚਲਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀ ਵਿਵਾਦਿਤ ਨੀਤੀਆਂ ਦੇ ਕਾਰਨ ਸੰਸਦ ਭਵਨ ‘ਚ ਡੈਮੋਕ੍ਰੇਟਿਕ ਮੈਂਬਰਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ ।

ਜ਼ਿਕਰਯੋਗ ਹੈ ਕਿ ਟਰੰਪ ਵਲੋਂ ਹਸਤਾਖਰ ਕੀਤੇ ਗਏ ਇਸ ਕਾਨੂੰਨ ਦੇ ਚੱਲਦੇ ਗੈਰਕਾਨੂਨੀ ਤਰੀਕੇ ਨਾਲ ਮੈਕਸੀਕੋ ਤੋਂ ਸਰਹੱਦ ਪਾਰ ਕਰਕੇ ਅਮਰੀਕਾ ਆਉਣ ਵਾਲੇ ਲੋਕਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਕਰ ਦਿੱਤਾ ਜਾਂਦਾ ਸੀ | ਸੰਸਦ ਤੋਂ ਇਲਾਵਾ ਦੁਨੀਆਂ ਭਰ ‘ਚ ਹੋਈ ਇਸ ਨੀਤੀ ਦੀ ਨਿੰਦਿਆ ਦੀ ਵਜ੍ਹਾ ਨਾਲ ਟਰੰਪ ਨੇ ਆਖ਼ਿਰਕਾਰ ਇਸ ਫੈਸਲੇ ਨੂੰ ਵਾਪਸ ਲੈਂਦੇ ਹਏ ਇਸ ਨੀਤੀ ‘ਤੇ ਰੋਕ ਲਗਾਉਣ ਵਾਲੇ ਹੁਕਮਾਂ ‘ਤੇ ਹਸਤਾਖਰ ਕਰ ਦਿੱਤੇ ।