ਹਰਿਆਣਵੀ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਐਡਵਾਂਸ ਲੈਣ ਦੇ ਬਾਵਜੂਦ ਪ੍ਰੋਗਰਾਮ 'ਚ ਪੇਸ਼ਕਾਰੀ ਨਾ ਕਰਨ ਦੇ ਚਲਦੇ ਹੋਈ ਕਾਰਵਾਈ
ਲਖਨਊ : ਅਦਾਲਤ ਨੇ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ ਵਿੱਚ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਗ਼ੈਰ-ਹਾਜ਼ਰੀ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿਤਾ ਹੈ। ਏਸੀਜੇਐਮ ਸ਼ਾਂਤਨੂ ਤਿਆਗ਼ੀ ਨੇ ਮਾਮਲੇ ਦੀ ਅਗਲੀ ਸੁਣਵਾਈ 30 ਸਤੰਬਰ ਨੂੰ ਤੈਅ ਕੀਤੀ ਹੈ। ਇਸ ਮਾਮਲੇ ’ਚ 10 ਮਈ ਨੂੰ ਦੋਸ਼ੀ ਸਪਨਾ ਚੌਧਰੀ ਨੇ ਆਤਮ ਸਮਰਪਣ ਕਰ ਦਿਤਾ ਸੀ ਅਤੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ।
ਅਦਾਲਤ ਨੇ ਅੰਤਰਿਮ ਜ਼ਮਾਨਤ ਦੇ ਦਿਤੀ ਸੀ। ਫਿਰ 8 ਜੂਨ ਨੂੰ ਸਪਨਾ ਚੌਧਰੀ ਦੀ ਰੈਗੂਲਰ ਜ਼ਮਾਨਤ ਦੀ ਅਰਜ਼ੀ ਵੀ ਸ਼ਰਤ ਨਾਲ ਮਨਜ਼ੂਰ ਕਰ ਲਈ ਗਈ। ਸੋਮਵਾਰ ਨੂੰ ਇਸ ਮਾਮਲੇ ’ਚ ਸਪਨਾ ਸਮੇਤ ਹੋਰ ਦੋਸ਼ੀਆਂ ’ਤੇ ਦੋਸ਼ ਆਇਦ ਕਰਨ ਦੇ ਮੁੱਦੇ ’ਤੇ ਸੁਣਵਾਈ ਹੋਈ ਪਰ ਉਹ ਪੇਸ਼ ਨਹੀਂ ਹੋਈ। ਸਪਨਾ ਦੀ ਤਰਫ਼ੋਂ ਮਾਫ਼ੀ ਦੀ ਅਰਜ਼ੀ ਵੀ ਨਹੀਂ ਦਿੱਤੀ ਗਈ ਸੀ, ਜਦਕਿ ਦੂਜੇ ਦੋਸ਼ੀਆਂ ਦੀ ਤਰਫੋਂ ਮਾਫੀ ਦੀ ਅਰਜ਼ੀ ਦਿਤੀ ਗਈ ਸੀ।
1 ਮਈ, 2019 ਨੂੰ, ਸਪਨਾ ਚੌਧਰੀ ਵਿਰੁਧ ਇਸ ਮਾਮਲੇ ’ਚ ਵਿਸ਼ਵਾਸ ਤੋੜਨ ਅਤੇ ਕਿਸੇ ਵਿਅਕਤੀ ਨਾਲ ਧੋਖਾਧੜੀ ਕਰਨ ਦੇ ਦੋਸ਼ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸ ਨਾਲ ਹੀ 20 ਜਨਵਰੀ 2019 ਨੂੰ ਸਮਾਗਮ ਦੇ ਆਯੋਜਕਾਂ ਜੁਨੈਦ ਅਹਿਮਦ, ਇਵਾਦ ਅਲੀ, ਅਮਿਤ ਪਾਂਡੇ ਅਤੇ ਰਤਨਾਕਰ ਉਪਾਧਿਆਏ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ 13 ਅਕਤੂਬਰ 2018 ਨੂੰ ਦੁਪਹਿਰ 3 ਤੋਂ 10 ਵਜੇ ਤਕ ਸਮ੍ਰਿਤੀ ਉਪਵਾਨ ’ਚ ਸਪਨਾ ਸਮੇਤ ਹੋਰ ਕਲਾਕਾਰਾਂ ਦਾ ਪ੍ਰੋਗਰਾਮ ਸੀ। ਪਰ ਸਪਨਾ ਚੌਧਰੀ ਰਾਤ 10 ਵਜੇ ਤਕ ਨਹੀਂ ਆਈ। ਇਸ ਨੂੰ ਲੈ ਕੇ ਲੋਕਾਂ ਨੇ ਹੰਗਾਮਾ ਕੀਤਾ। ਇਸ ਤੋਂ ਬਾਅਦ ਟਿਕਟਧਾਰਕਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ। 14 ਅਕਤੂਬਰ 2018 ਨੂੰ ਇਸ ਮਾਮਲੇ ਦੀ ਨਾਮਜ਼ਦ ਐਫ਼ਆਈਆਰ ਇੰਸਪੈਕਟਰ ਫ਼ਿਰੋਜ਼ ਖ਼ਾਨ ਨੇ ਥਾਣਾ ਆਸ਼ਿਆਣਾ ਵਿਚ ਦਰਜ ਕਰਵਾਈ ਸੀ।