ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਨੂੰ ਮਿਲਿਆ ਵਿਰਾਸਤੀ ਸਥਾਨ ਦਾ ਦਰਜਾ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਅੱਧੀ ਸਦੀ ਬਾਅਦ ਇਸ ਗੁਰਦੁਆਰਾ ਸਾਹਿਬ ਨੂੰ ਸਰਕਾਰ ਵਲੋਂ ਵਿਰਾਸਤੀ ਜਗ੍ਹਾ ਵਜੋਂ ਮਾਨਤਾ ਦਿੱਤੀ ਗਈ ਹੈ

Australia's First Gurdwara Sahib

ਕੈਨਬਰਾ - ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿਚ ਵਲਗੂਲਗਾ ਵਿਖੇ ਸਥਾਪਤ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਨੂੰ ਸੂਬੇ ਦੀ ਸਰਕਾਰ ਵਲੋਂ ਵਿਰਾਸਤੀ ਲੜੀ ਵਿਚ ਸ਼ਾਮਲ ਕਰ ਲਿਆ ਗਿਆ ਹੈ। 1960 ਵਿਚ ਵਲਗੂਲਗਾ ਦੇ ਤਿੰਨ ਸਿੱਖਾਂ ਵਲੋਂ ਭਾਈਚਾਰੇ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਗੁਰੂ ਘਰ ਦੀ ਸਥਾਪਨਾ ਕੀਤੀ ਗਈ ਸੀ। 

ਅੱਧੀ ਸਦੀ ਬਾਅਦ ਇਸ ਗੁਰਦੁਆਰਾ ਸਾਹਿਬ ਨੂੰ ਸਰਕਾਰ ਵਲੋਂ ਵਿਰਾਸਤੀ ਜਗ੍ਹਾ ਵਜੋਂ ਮਾਨਤਾ ਦਿੱਤੀ ਗਈ ਹੈ। ਪਿਛਲੇ ਹਫ਼ਤੇ ਹੀ ਕਾਫਸ ਹਾਰਬਰ ਨੇੜੇ ਸਥਿਤ ਆਸਟ੍ਰੇਲੀਆ ਦੇ ਇਸ ਪਹਿਲੇ ਗੁਰੂ ਘਰ ਨੂੰ ਸੂਬਾ ਸਰਕਾਰ ਵਲੋਂ ਸੂਬੇ ਦੇ ਵਿਰਾਸਤੀ ਰਜਿਸਟਰ ਵਿਚ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਸੂਬੇ ਦੇ ਵਿਰਾਸਤ ਮੰਤਰੀ ਨੇ ਕਿਹਾ ਕਿ “ਨਿਊ ਸਾਊਥ ਵੇਲਜ਼ ਸੂਬੇ ਵਿਚ ਉਸ ਸਮੇਂ ਪੱਕੇ ਤੌਰ 'ਤੇ ਵਸਣ ਆਏ ਪ੍ਰਵਾਸੀ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਸਥਾਪਿਤ ਇਸ ਗੁਰਦੁਆਰਾ ਸਾਹਿਬ ਦਾ ਵਿਸ਼ੇਸ਼ ਸੱਭਿਆਚਾਰਕ ਇਤਿਹਾਸ ਹੈ।”

ਗੁਰਦੁਆਰਾ ਸਾਹਿਬ ਦੇ ਜਨਤਕ ਅਫਸਰ ਅਮਨਦੀਪ ਸਿੰਘ ਸਿੱਧੂ ਨੇ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਵਿਚ ਵਸਣ ਵਾਲੇ ਸਿੱਖ ਭਾਈਚਾਰੇ ਲਈ ਇਸ ਨੂੰ ਇਕ ਸ਼ਾਨਦਾਰ ਪ੍ਰਾਪਤੀ ਦੱਸਿਆ ਹੈ। ਅਸਲ ਵਿਚ ਗੁਰਦੁਆਰਾ ਸਾਹਿਬ ਦੀ 1968 ਵਿਚ ਬਣੀ ਇਮਾਰਤ ਨੂੰ ਵਿਰਾਸਤੀ ਲੜੀ ਵਿਚ ਸ਼ਾਮਲ ਕਰਨ ਲਈ ਪਹਿਲ ਕੀਤੀ ਗਈ ਸੀ ਪਰ ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਅਤੇ ਬਾਕੀ ਖੇਤਰ ਨੂੰ ਵੀ ਵਿਰਾਸਤੀ ਥਾਂ ਦਾ ਦਰਜਾ ਦੇ ਦਿੱਤਾ ਗਿਆ।

ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਬਾਰੇ 2013 ਤੋਂ ਹੀ ਅਰਜ਼ੀ ਦਿੱਤੀ ਗਈ ਸੀ ਅਤੇ ਸਰਕਾਰ ਵਲੋਂ ਇਸ ਦੀ ਇਤਿਹਾਸਿਕ ਮਹੱਤਤਾ , ਭਾਈਚਾਰੇ ਦੀ ਭਰੋਸੇਯੋਗਤਾ, ਇਸ ਸਾਰੇ ਖੇਤਰ ਅਤੇ ਇਮਾਰਤ ਦਾ ਜਾਇਜ਼ਾ ਲੈਣ ਦੀ ਲੰਮੀ ਪ੍ਰਕਿਰਿਆ ਤੋਂ ਬਾਅਦ ਅਜਿਹਾ ਸੰਭਵ ਹੋਇਆ ਹੈ। ਕਾਫਸ ਹਾਰਬਰ ਤੋਂ ਆਸਟ੍ਰੇਲੀਆ ਦੇ ਪਹਿਲੇ ਸਿੱਖ ਸੰਸਦੀ ਮੈਂਬਰ ਗੁਰਮੇਸ਼ ਸਿੰਘ ਨੇ ਇਸ ਮੌਕੇ ਕਿਹਾ ਕਿ ਗੁਰੂਦੁਆਰਾ ਸਾਹਿਬ ਦਾ ਵਿਰਾਸਤੀ ਲੜੀ ਵਿੱਚ ਸ਼ਾਮਿਲ ਹੋਣਾ ਸਾਡੇ ਇਲਾਕੇ ਅਤੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। 

ਇਸ ਦੇ ਇਤਿਹਾਸ ਉੱਤੇ ਰੌਸ਼ਨੀ ਪਾਉਂਦਿਆਂ ਸਿੱਧੂ ਨੇ ਦੱਸਿਆ ਕਿ ਇਸ ਖੇਤਰ ਵਿਚ ਸਾਡਾ ਭਾਈਚਾਰਾ 1940-50 ਵਰਿਆਂ ਦੌਰਾਨ ਇੱਥੇ ਵਸਣਾ ਸ਼ੁਰੂ ਹੋ ਗਿਆ ਸੀ ਅਤੇ ਪੰਜਾਬ ਤੋਂ ਆਉਣ ਵਾਲੇ ਜ਼ਿਆਦਾਤਰ ਲੋਕ ਕਿਸਾਨ ਸਨ। ਲੋਕਾਂ ਨੂੰ ਮਹੀਨੇ ਬਾਅਦ ਅਧਿਆਤਕਮਕ ਜਾਂ ਸੱਭਿਆਚਾਰਕ ਲੋੜਾਂ ਹਿੱਤ ਇਕੱਠੇ ਹੋਣ ਦੀ ਘਾਟ ਰੜਕਦੀ ਰਹਿੰਦੀ ਸੀ। ਇਸ ਲਈ ਕਈ ਵਾਰ ਉਹਨਾਂ ਨੂੰ 250 ਕਿ.ਮੀ ਦੂਰ ਬਾਬਾ ਰਾਮ ਸਿੰਘ ਦੇ ਬੰਗਲੇ ਤੇ ਜਾਣਾ ਪੈਂਦਾ ਸੀ ਕਿਓਂਕਿ ਉਹਨਾਂ ਨੇ ਆਪਣੇ ਘਰ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਭਾਈਚਾਰਕ ਰੂਪ ਵਿਚ ਉੱਥੇ ਪਾਠ ਅਤੇ ਅਰਦਾਸ ਕੀਤੀ ਜਾਂਦੀ ਸੀ।

25 ਸਾਲ ਤੱਕ ਲਗਾਤਾਰ ਇਹੀ ਸਿਲਸਿਲਾ ਜਾਰੀ ਰਿਹਾ ਅਤੇ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਅਤੇ ਸਮਾਂ ਬੀਤਣ ਨਾਲ ਭਾਈਚਾਰੇ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਸੀ, ਉਸ ਸਮੇਂ ਭਾਈਚਾਰੇ ਦੀਆਂ ਲੋੜਾਂ ਅਨੁਸਾਰ ਅਧਿਆਤਮਕ ਅਤੇ ਸਮਾਜਿਕ ਕਾਰਜਾਂ ਲਈ ਗੁਰਦੁਆਰਾ ਸਾਹਿਬ ਦੀ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਅਤੇ ਇਨ੍ਹਾਂ ਲੋੜਾਂ ਦੇ ਮੱਦੇਨਜ਼ਰ ਉਸ ਸਮੇਂ ਗੁਰੂਦੁਆਰਾ ਸਾਹਿਬ ਦੀ ਸਥਾਪਨਾ ਹੋਈ। 

ਸਿੱਧੂ ਨੇ ਦੱਸਿਆ ਕਿ ਇਸ ਸਮੇਂ 80-100 ਦੇ ਕਰੀਬ ਲੋਕ ਰੋਜ਼ਾਨਾ ਗੁਰੂ ਘਰ ਵਿੱਚ ਹਾਜ਼ਰੀ ਭਰਦੇ ਹਨ ਇਸ ਤੋਂ ਇਲਾਵਾ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੀ ਲੋਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਆਸਟ੍ਰੇਲੀਆ ਵਿਚ ਸਿੱਖ ਭਾਈਚਾਰੇ ਨੇ ਹਮੇਸ਼ਾ ਆਪਣੀ ਸੇਵਾ ਭਾਵਨਾ ਨਾਲ ਬਾਹਰੀ ਭਾਈਚਾਰੇ ਦੇ ਲੋਕਾਂ ਦੀ ਵੀ ਵੱਧ ਚੜ੍ਹ ਕੇ ਮਦਦ ਕੀਤੀ ਹੈ। ਵਿਸ਼ੇਸ਼ ਤੌਰ 'ਤੇ ਪਿਛਲੇ ਸਮੇਂ ਵਿਚ ਜੰਗਲੀ ਅੱਗ, ਹੜ੍ਹ ਅਤੇ ਹੁਣ ਕੋਵਿਡ ਦੀ ਬਿਪਤਾ ਦੇ ਸਮੇਂ ਸਿੱਖ ਭਾਈਚਾਰੇ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ। 

ਇਹ ਗੁਰਦੁਆਰਾ ਆਸਟ੍ਰੇਲੀਆ ਦੀ ਦੂਜੀ ਜਗ੍ਹਾ ਹੈ ਜਿਸ ਨੂੰ ਵਿਰਾਸਤੀ ਥਾਂ ਦਾ ਦਰਜਾ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਪੱਛਮੀ ਆਸਟ੍ਰੇਲੀਆ ਦੇ ਰਿਵਰਟਨ ਵਿਚ ਇਸ ਦੇਸ਼ ਵਿਚ ਸਿੱਖਾਂ ਦੇ ਇਤਿਹਾਸ ਨੂੰ ਦਰਸਾਉਂਦੀ ਥਾਂ ਆਸਟ੍ਰੇਲੀਅਨ ਸਿੱਖ ਹੈਰੀਟੇਜ ਟ੍ਰਾਇਲ ਨੂੰ ਵੀ ਇਹ ਮਾਣ ਹਾਸਲ ਹੋ ਚੁੱਕਾ ਹੈ। ਗੁਰਦੁਆਰਾ ਸਾਹਿਬ ਵਿਖੇ ਇਸ ਵੇਲੇ ਸ. ਨਿਰਮਲ ਸਿੰਘ ਕੰਧੋਲਾ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਹਨ

ਜੋ ਕਿ ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੋਂ ਇੱਥੇ ਮੁੱਖ ਗ੍ਰੰਥੀ ਵਜੋਂ ਵੀ ਸੇਵਾਵਾਂ ਨਿਭਾਉਂਦੇ ਆਏ ਹਨ। ਗੁਰੂਦੁਆਰਾ ਸਾਹਿਬ ਦੀ ਨਵੀਂ ਇਮਾਰਤ ਅਤੇ ਹੋਰ ਕਾਰਜਾਂ ਵਿਚ ਸਵਰਗਵਾਸੀ ਡਾ. ਅਮਰਜੀਤ ਸਿੰਘ ਮੋਰ ਜੀ ਦੀ ਸਖ਼ਤ ਘਾਲਣਾ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਵਲਗੂਲਗਾ ਵਿਖੇ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਨੂੰ ਸਰਕਾਰ ਵਲੋਂ ਵਿਰਾਸਤੀ ਜਗ੍ਹਾ ਦਾ ਦਰਜਾ ਦਿੱਤਾ ਜਾਣਾ ਸਮੂਹ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।