ਇਟਲੀ ਦੇ ਦੂਸਰੇ ਰਾਸ਼ਟਰਪਤੀ ਦੇ ਜਨਮ ਦਿਹਾੜੇ ਨੂੰ ਸਮਰਪਤ, ਲੁਈਜੀ ਈਨਾਉਡੀ ਨੂੰ ਇੱਕ ਪੱਤਰ ਮੁਕਾਬਲਾ ਜਿੱਤ ਕੇ ਸਿਮਰਤ ਕੌਰ ਨੇ ਰੌਸ਼ਨ ਕੀਤਾ ਨਾਮ
ਇਟਲੀ ਦੇ ਦੂਸਰੇ ਰਾਸ਼ਟਰਪਤੀ ਲੁਈਜੀ ਈਨਾਉਦੀ ਜਿਹਨਾਂ ਨੇ 1948 ਤੋਂ 1955 ਤੱਕ ਇਟਲੀ ਦੇ ਦੂਜੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਹੈ।
ਮਿਲਾਨ (ਦਲਜੀਤ ਮੱਕੜ) ਇਟਲੀ ਸਰਕਾਰ ਜਿਸ ਸ਼ਲਾਘਾਯੋਗ ਲਹਿਜੇ ਆਪਣੇ ਇਤਿਹਾਸ , ਇਤਿਹਾਸਿਕ ਇਮਾਰਤਾਂ ਤੇ ਸਮਾਰਕਾਂ ਨੂੰ ਸਾਂਭ ਕੇ ਰੱਖਦੀ ਉਸ ਲਹਿਜੇ ਵਿਚ ਇਟਲੀ ਨੂੰ ਸਥਾਪਿਤ ਕਰਨ ਵਾਲਿਆਂ ਨੂੰ ਆਪਣੇ ਦਿਲ ਵਿੱਚ ਵਸਾਕੇ ਰੱਖਦੀ ਹੈ। ਅਜਿਹੀ ਹੀ ਸਖ਼ਸੀਅਤ ਹੋਏ ਹਨ ਪ੍ਰਸਿੱਧ ਰਾਜਨੀਤਿਕ, ਅਰਥ ਸ਼ਾਸ਼ਤਰ ਅਤੇ ਇਟਲੀ ਦੇ ਦੂਸਰੇ ਰਾਸ਼ਟਰਪਤੀ ਲੁਈਜੀ ਈਨਾਉਦੀ ਜਿਹਨਾਂ ਨੇ 1948 ਤੋਂ 1955 ਤੱਕ ਇਟਲੀ ਦੇ ਦੂਜੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਹੈ।
ਇਤਾਲਵੀ ਗਣਰਾਜ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨੇ ਜਾਂਦੇ ਲੁਈਜੀ ਈਨਾਉਦੀ ਦੇ 150 ਵੇਂ ਜਨਮ ਦਿਨ ਮੌਕੇ ਇਟਲੀ ਸਰਕਾਰ ਨੇ ਉਹਨਾਂ ਨੂੰ ਯਾਦ ਕਰਦਿਆਂ ਪੂਰੀ ਇਟਲੀ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਰਾਸ਼ਟਰਪਤੀ ਲੁਈਜੀ ਈਨਾਉਡੀ ਨੂੰ ਇੱਕ ਪੱਤਰ ਨਾਮ ਹੇਠ ਵਿਸ਼ੇਸ਼ ਪ੍ਰਤੀਯੋਗਤਾ ਕਰਵਾਈ। ਜਿਸ ਵਿੱਚ ਸਭ ਬੱਚਿਆ ਨੂੰ ਪਛਾੜਦਿਆਂ ਗੁਰਸਿੱਖ ਲੜਕੀ ਸਿਮਰਤ ਕੌਰ ਨੇ ਇਹ ਮੁਕਾਬਲਾ ਜਿੱਤ ਕੇ ਸਿੱਖ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਟਲੀ ਵਿੱਚ ਨੈਸ਼ਨਲ ਪੱਧਰ 'ਤੇ ਦੂਸਰੇ ਰਾਸ਼ਟਰਪਤੀ ਨੂੰ ਇੱਕ ਪੱਤਰ ਨਾਮ ਹੇਠ ਪ੍ਰਤੀਯੋਗਤਾ ਹੋਈ।
ਜਿਸ ਵਿੱਚ 18 ਸਾਲਾਂ ਸਿਮਰਤ ਕੌਰ ਨੇ ਰਾਸ਼ਟਰਪਤੀ ਲੁਈਜੀ ਈਨਾਉਡੀ ਦੀ ਜੀਵਨੀ 'ਤੇ ਲੇਖ ਲਿਖਿਆ, ਜਿਸ ਨੂੰ ਪੂਰੀ ਇਟਲੀ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ। ਸਿਮਰਤ ਕੌਰ ਜੋ ਕਿ ਕਰੇਮੋਨਾ ਦੇ ਸਕੂਲ ਵਿੱਚ ਗ੍ਰੇਫਿਕ ਅਤੇ ਕਮਿਊਨੀਕੇਸ਼ਨ ਦੀ ਪੜਾਈ ਕਰ ਰਹੀ ਹੈ। ਉਸ ਦੇ ਇਸ ਕਮਾਲ ਨੇ ਜਿੱਥੇ ਪੂਰੀ ਇਟਲੀ ਵਾਸੀਆ ਨੂੰ ਹੈਰਾਨ ਕਰ ਦਿੱਤਾ ਹੈ। ਉੱਥੇ ਸਿੱਖ ਅਤੇ ਭਾਰਤੀ ਭਾਈਚਾਰਾ ਬੇਹੱਦ ਮਾਣ ਮਹਿਸੂਸ ਕਰ ਰਿਹਾ ਹੈ।
ਗੱਲਬਾਤ ਕਰਦਿਆਂ ਸਿਮਰਤ ਕੌਰ ਦੇ ਪਿਤਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਰੇ ਪਰਿਵਾਰ ਨਾਲ ਇਟਲੀ ਦੇ ਕਰੇਮੋਨਾ ਜਿਲੇ ਦੇ ਰਵੇਕੋ ਦੀ ੳਲੀੳ ਵਿਖੇ ਰਹਿੰਦੇ ਹਨ। ਉਹਨਾਂ ਦੀ ਵੱਡੀ ਬੇਟੀ ਸਿਮਰਤ ਜੋ ਕਿ 18 ਵਰਿਆ ਦੀ ਹੈ, ਜਿਸਨੇ ਨੈਸ਼ਨਲ ਪੱਧਰ ਲੇਖ ਮੁਕਾਬਲੇ ਵਿੱਚ ਹਿੱਸਾ ਲੈਂਦਿਆ ਪਹਿਲਾ ਸਥਾਨ ਪ੍ਰਾਪਤ ਕੀਤਾ।
ਉਹਨਾਂ ਦੱਸਿਆ ਕਿ ਉਹਨਾਂ ਦੀ ਹੋਣਹਾਰ ਧੀ ਪੜਾਈ ਦੇ ਨਾਲ-ਨਾਲ ਬਚਪਨ ਤੋਂ ਹੀ ਗੱਤਕੇ ਵਿੱਚ ਵੀ ਚੰਗੀ ਮੁਹਾਰਤ ਰੱਖਦੀ ਹੈ। ਵਾਹਿਗੁਰੂ ਦੀ ਬਖਸ਼ਿਸ਼ ਨਾਲ ਇਹ ਜਿੱਤ ਪ੍ਰਾਪਤ ਹੋਈ। ਉਹਨਾਂ ਦੱਸਿਆ ਕਿ ਆਉਣ ਵਾਲੀ 28 ਮਾਰਚ ਨੂੰ ਇਟਲੀ ਦੇ ਸ਼ਹਿਰ ਤੋਰੀਨੋ ਵਿਖੇ ਇਸ ਪ੍ਰਤੀਯੋਗਤਾ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਦਾ ਵਿਸ਼ੇਸ਼ ਸਨਾਮਨ ਹੋਵੇਗਾ। ਉਹਨਾਂ ਦੱਸਿਆ ਕਿ ਰੋਵੇਕੋ ਉਲੀੳ ਦੇ ਬਸ਼ਿੰਦੇ, ਕਰੇਮੋਨਾ ਵਿੱਚ ਪੈਂਦੇ ਸਾਰੇ ਸਕੂਲ, ਸਿੱਖ ਭਾਈਚਾਰਾ ਅਤੇ ਭਾਰਤੀ ਭਾਈਚਾਰਾ ਬੇਹੱਦ ਮਾਣ ਮਹਿਸੂਸ ਕਰ ਰਿਹਾ ਹੈ।