ਜਾਣੋ ਕੌਣ ਹੈ ਵਿਸ਼ਵ ਦੀ ਪਹਿਲੀ ਮਹਿਲਾ ਰਬਾਬ ਵਾਦਕ, ਜਿਸ ਨੂੰ ਇੰਗਲੈਂਡ ਦੀ ਮਹਾਰਾਣੀ ਨੇ ਕੀਤਾ ਸੀ ਸਨਮਾਨਿਤ?
ਸੰਨ 2020 ਵਿਚ ਇੰਗਲੈਂਡ ਦੀ ਤਤਕਾਲੀ ਮਹਾਰਾਣੀ ਐਲਿਜ਼ਾਬੇਥ ਨੇ ਕੀਤਾ ਸੀ ਸਨਮਾਨਿਤ
World’s First Female Jasvir Kaur Rabab player honoured with MBE by the Queen. : ਕਦੇਂ ਰਬਾਬੀ ਮਰਦਾਨਾ ਗੁਰੂ ਨਾਨਕ ਦੇਵ ਜੀ ਨਾਲ ਲੋਕਾਈ ਦੀ ਭਲਾਈ ਲਈ ਚਾਰ ਉਦਾਸੀਆਂ 'ਤੇ ਨਿਕਲੇ ਸਨ। ਜਿਥੇ ਵੀ ਬਾਬਾ ਜੀ ਬਾਣੀ ਉਚਾਰਦੇ, ਉਥੇ ਹੀ ਰਬਾਬੀ ਮਰਦਾਨਾ ਆਪਣੀ ਰਬਾਬ ਦੀਆਂ ਧੁਨਾਂ ਨਾਲ ਮੰਤਰ ਮੁਗਧ ਕਰ ਦਿੰਦੇ।
ਸਮਾਂ ਆਇਆ ਲੋਕਾਂ ਨੇ ਤੰਤੀ ਸਾਜ਼ਾਂ ਨੂੰ ਛੱਡ ਦਿੱਤਾ ਅਤੇ ਆਧੁਨਿਕ ਸਾਜ਼ਾਂ ਦੇ ਰੌਲੇ ਰੱਪੇ ਵਿਚ ਗੁੰਮ ਹੋ ਗਏ ਪਰ ਅੱਜ ਵੀ ਕੁਝ ਅਜਿਹੇ ਸ਼ਖ਼ਸ ਹਨ ਜਿਨ੍ਹਾਂ ਨੂੰ ਰਬਾਬ ਵਰਗੇ ਪੁਰਾਤਨ ਸਾਜ਼ਾਂ ਦੀ ਮੁਹਾਰਤ ਹਾਸਲ ਹੈ ਅਤੇ ਉਹ ਵਿਸ਼ਵ ਪੱਧਰ 'ਤੇ ਆਪਣੀ ਕਲਾ ਦਾ ਡੰਕਾ ਮਨਵਾ ਚੁੱਕੇ ਹਨ।
ਅਜਿਹਾ ਹੀ ਇਕ ਨਾਮ ਬੀਬੀ ਜਸਵੀਰ ਕੌਰ ਦਾ ਹੈ। ਜਿਸ ਨੂੰ ਸੰਨ 2020 ਵਿਚ ਇੰਗਲੈਂਡ ਦੀ ਤਤਕਾਲੀ ਮਹਾਰਾਣੀ ਐਲਿਜ਼ਾਬੇਥ ਨੇ ਸਨਮਾਨਿਤ ਕੀਤਾ। ਜਸਵੀਰ ਕੌਰ ਨੂੰ ਇੰਗਲੈਂਡ ਦੀ ਮਹਾਰਾਣੀ ਦੁਆਰਾ ਐਮ.ਬੀ.ਈ. (ਮੈਂਬਰ ਆਫ਼ ਦ ਆਰਡਰ ਆਫ਼ ਦਾ ਬ੍ਰਿਟਿਸ਼ ਐਂਪਾਇਰ) ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਸੰਗੀਤ ਅਤੇ ਸਿੱਖ ਭਾਈਚਾਰੇ ਵਿੱਚ ਉਸ ਦੇ ਸ਼ਾਨਦਾਰ ਯੋਗਦਾਨ ਦਾ ਪ੍ਰਮਾਣ ਹੈ। ਇਹ ਵੱਕਾਰੀ ਸਨਮਾਨ ਵਿਸ਼ਵ ਭਰ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ, ਸਿੱਖ ਸੰਗੀਤਕ ਵਿਰਸੇ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਜਸਵੀਰ ਦੇ ਸਮਰਪਣ ਨੂੰ ਮਾਨਤਾ ਦਿੰਦਾ ਹੈ।