ਬਲੋਚਿਸਤਾਨ ਵਿਚ 73 ਸਾਲਾਂ ਬਾਅਦ ਸਿੱਖਾਂ ਲਈ ਖੁੱਲ੍ਹਿਆ ਗੁਰਦਵਾਰਾ ਸਾਹਿਬ
ਪਾਕਸਿਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਰਕਾਰ ਨੇ 73 ਸਾਲਾਂ ਬਾਅਦ ਇਕ ਗੁਰਦਵਾਰੇ ਨੂੰ ਸਿੱਖਾਂ ਹਵਾਲੇ ਕਰ ਦਿਤਾ ਹੈ।
ਕੋਇਟਾ : ਪਾਕਸਿਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਰਕਾਰ ਨੇ 73 ਸਾਲਾਂ ਬਾਅਦ ਇਕ ਗੁਰਦਵਾਰੇ ਨੂੰ ਸਿੱਖਾਂ ਹਵਾਲੇ ਕਰ ਦਿਤਾ ਹੈ। ਇਕ ਮੀਡੀਆ ਰੀਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ। ਡਾਨ ਨਿਊਜ਼ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਮੱਧ ਵਿਚ ਮਸਜਿਦ ਰੋਡ 'ਤੇ ਸਥਿਤ ਸ੍ਰੀ ਗੁਰੂ ਸਿੰਘ ਗੁਰਦਵਾਰਾ 1947 ਤੋਂ ਸਰਕਾਰੀ ਹਾਈ ਗਰਲਜ਼ ਸਕੂਲ ਵਜੋਂ ਵਰਤਿਆ ਜਾ ਰਿਹਾ ਹੈ।
ਘੱਟ-ਗਿਣਤੀ ਮਾਮਲਿਆਂ ਦੇ ਮੁੱਖ ਮੰਤਰੀ ਤੇ ਸੂਬਾਈ ਸੰਸਦ ਮੈਂਬਰ ਅਤੇ ਸਲਾਹਕਾਰ ਦਿਨੇਸ਼ ਕੁਮਾਰ ਨੇ ਕਿਹਾ,''ਸਿੱਖਾਂ ਲਈ ਧਾਰਮਕ ਅਸਥਾਨ ਵਜੋਂ ਗੁਰਦਵਾਰਾ ਸਾਹਿਬ ਦੀ ਬਹਾਲੀ ਕਰਨਾ ਬਲੋਚਿਸਤਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ ਹੈ।'' ਸਰਕਾਰੀ ਗਰਲਜ਼ ਹਾਈ ਸਕੂਲ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਨੇੜਲੇ ਸਕੂਲਾਂ ਵਿਚ ਦਾਖ਼ਲਾ ਲੈਣ ਲਈ ਕਿਹਾ ਗਿਆ ਹੈ।
ਬਲੋਚਿਸਤਾਨ ਵਿਚ ਸਿੱਖ ਭਾਈਚਾਰਾ ਕਮੇਟੀ ਦੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਇਸ ਨੂੰ ਸੂਬੇ ਵਿਚ ਵਸਦੇ ਸਿੱਖਾਂ ਨੂੰ ਬਲੋਚਿਸਤਾਨ ਸਰਕਾਰ ਵਲੋਂ ਦਿਤਾ ਤੋਹਫ਼ਾ” ਦਸਿਆ। ਡਾਨ ਨੇ ਜਸਬੀਰ ਸਿੰਘ ਦੇ ਹਵਾਲੇ ਨਾਲ ਕਿਹਾ,''ਸੂਬੇ ਦਾ ਸਿੱਖ ਭਾਈਚਾਰਾ ਇਸ ਗੱਲੋਂ ਬਹੁਤ ਖ਼ੁਸ਼ ਹੈ ਕਿ ਸਾਡੇ ਪ੍ਰਾਚੀਨ ਗੁਰਦਵਾਰੇ ਨੂੰ 73 ਸਾਲਾਂ ਬਾਅਦ ਪਾਕਿ ਸਰਕਾਰ ਅਤੇ ਬਲੋਚਿਸਤਾਨ ਹਾਈ ਕੋਰਟ ਨੇ ਸਾਨੂੰ ਸੌਂਪ ਦਿਤਾ ਹੈ ਅਤੇ ਹੁਣ ਅਸੀਂ ਉਥੇ ਅਪਣਾ ਧਾਰਮਕ ਅਭਿਆਸ ਜਾਰੀ ਰੱਖ ਸਕਦੇ ਹਾਂ।'