ਨਿਊਜ਼ੀਲੈਂਡ ਦੇ ਗਵਰਨਰ ਜਨਰਲ ਨੇ ਹਰਜੀਤ ਸਿੰਘ ਨੂੰ 'ਕੁਈਨਜ਼ ਸਰਵਿਸ ਮੈਡਲ' ਨਾਲ ਕੀਤਾ ਸਨਮਾਨਤ
ਨਿਊਜ਼ੀਲੈਂਡ ਸਰਕਾਰ ਵਲੋਂ ਹਰ ਸਾਲ ਨਵੇਂ ਸਾਲ ਮੌਕੇ ਕਮਿਊਨਿਟੀ ਕਾਰਜਾਂ ਦੇ ਵਿਚ ਅਹਿਮ ਸਹਿਯੋਗ ਦੇਣ ਵਾਲਿਆਂ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਸਰਕਾਰ ਵਲੋਂ ਹਰ ਸਾਲ ਨਵੇਂ ਸਾਲ ਮੌਕੇ ਕਮਿਊਨਿਟੀ ਕਾਰਜਾਂ ਦੇ ਵਿਚ ਅਹਿਮ ਸਹਿਯੋਗ ਦੇਣ ਵਾਲਿਆਂ ਨੂੰ 'ਕੁਈਨਜ਼ ਸਰਵਿਸ ਮੈਡਲ' ਲਈ ਚੁਣਿਆ ਜਾਂਦਾ ਹੈ। ਇਸ ਵਾਰ ਪੰਜਾਬੀ ਭਾਈਚਾਰੇ ਤੋਂ ਸ. ਹਰਜੀਤ ਸਿੰਘ ਨੂੰ ਚੁਣਿਆ ਗਿਆ ਸੀ। ਦੇਸ਼ ਦੀ ਗਵਰਨਰ ਜਨਰਲ ਡੈਮ ਪੈਟਸੀ ਰੈਡੀ ਵਲੋਂ ਅੱਜ ਇਹ ਮਾਣ-ਸਨਮਾਨ ਔਕਲੈਂਡ ਸਥਿਤ ਗਵਰਨਰ ਹਾਊਸ ਵਿਚ ਦਿਤੇ ਗਏ।
ਸ. ਹਰਜੀਤ ਸਿੰਘ ਦੇ ਕੋਟ ਉਤੇ ਗਵਰਨਰ ਜਨਰਲ ਨੇ 'ਕੁਈਨਜ਼ ਸਰਵਿਸ ਮੈਡਲ' ਦਾ ਰੀਬਨ ਲਗਾਇਆ। ਇਹ 36 ਮਿਲੀਮੀਟਰ ਦਾ ਲਾਲ ਅਤੇ ਚਿੱਟੇ ਰੰਗ ਦੀ ਧਾਰੀਆਂ ਵਾਲਾ ਰੀਬਨ ਮਾਓਰੀ ਸਭਿਅਤਾ ਦੀ ਪੇਸ਼ਕਾਰੀ ਕਰਦਾ ਹੈ। ਇਸ ਡਿਜ਼ਾਈਨ ਦਾ ਮਤਲਬ ਹੈ ਕਿ ਸੇਵਾ ਵਲ ਵਧਦੇ ਕਦਮ। ਸ. ਹਰਜੀਤ ਸਿੰਘ ਦਾ ਜੱਦੀ ਪਿੰਡ ਗੁੱਜਰਵਾਲ ਜ਼ਿਲ੍ਹਾ ਲੁਧਿਆਣਾ ਹੈ ਪਰ ਉਹ 1958 ਤੋਂ ਚੰਡੀਗੜ੍ਹ ਹੀ ਜਾ ਕੇ ਵਸ ਗਏ ਸਨ। ਉਹ ਐਮ. ਏ. ਪੋਲੀਟੀਕਲ ਸਾਇੰਸ ਤਕ ਪੜ੍ਹੇ ਹੋਏ ਹਨ।
ਉਨ੍ਹਾਂ ਪੰਜਾਬ ਦੇ ਵਿਚ ਉਨ੍ਹਾਂ ਸਟੇਟ ਬੈਂਕ ਆਫ਼ ਇੰਡੀਆ ਵਿਚ 35 ਸਾਲ ਸੇਵਾ ਨਿਭਾਅ ਕੇ ਬ੍ਰਾਂਚ ਮੈਨੇਜਰ ਵਜੋਂ ਸੇਵਾ ਮੁਕਤ ਹੋਏ ਸਨ। 2007 ਵਿਚ ਸ. ਹਰਜੀਤ ਸਿੰਘ ਨਿਊਜ਼ੀਲੈਂਡ ਆ ਕੇ ਅਪਣੇ ਦੋਹਾਂ ਪੁੱਤਰਾਂ ਸ. ਮੰਦੀਪ ਸਿੰਘ ਅਤੇ ਸ. ਹਰਦੀਪ ਸਿੰਘ ਕੋਲ ਵਸ ਗਏ ਸਨ। ਉਨ੍ਹਾਂ ਇਥੇ ਆ ਕੇ ਵੀ ਅਪਣੀ ਪੜ੍ਹਾਈ ਜਾਰੀ ਰੱਖੀ ਅਤੇ ਸਰਟੀਫ਼ੀਕੇਟ ਇਨ ਆਫ਼ਿਸ ਐਡਮਨਿਸਟ੍ਰੇਸ਼ਨ ਅਤੇ ਬਿਜ਼ਨਸ ਐਡਮਨਿਸਟ੍ਰੇਸ਼ਨ ਵੀ ਪੂਰਾ ਕੀਤਾ।
ਸ. ਹਰਜੀਤ ਸਿੰਘ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜ ਕੇ ਕੰਮ ਕਰ ਰਹੇ ਹਨ। ਉਹ 'ਏਜ਼ ਕਨਸਰਨ ਕਾਊਂਟੀਜ਼ ਮੈਨੁਕਾਓ' ਦੇ ਨਾਲ 2008 ਤੋਂ ਜੁੜੇ ਹਨ ਅਤੇ ਮਾਨਤਾ ਪ੍ਰਾਪਤ ਵਿਜਟਿੰਗ ਸਰਵਿਸਜ ਦੇ ਰਹੇ ਹਨ। 2013 ਵਿਚ ਉਨ੍ਹਾਂ ਨੂੰ ਬੋਰਡ ਮੈਂਬਰ ਵਜੋਂ ਲਿਆ ਗਿਆ। ਉਹ ਇਸ ਵੇਲੇ ਮੈਨੁਕਾਓ ਈਸਟ ਕੌਂਸਲ ਆਫ਼ ਸੋਸ਼ਲ ਸਰਵਿਸਜ਼ ਦੇ ਡਿਪਟੀ ਚੇਅਰ ਹਨ। ਉਹ ਪ੍ਰਵਾਸੀ ਲੋਕਾਂ ਨੂੰ ਇੰਗਲਿਸ਼ ਵੀ ਸਿਖਾਉਂਦੇ ਹਨ।
ਉਹ ਔਕਲੈਂਡ ਸਿੱਖ ਸੁਸਾਇਟੀ, ਸ੍ਰੀ ਗੁਰੂ ਰਵੀਦਾਸ ਸਭਾ, ਗੋਪੀਓ, ਪੰਜਾਬੀ ਕਲਚਰਲ ਸੁਸਾਇਟੀ ਅਤੇ ਮੈਨੁਕਾਓ ਇੰਡੀਅਨ ਐਸੋਸੀਏਸ਼ਨ ਦੇ ਨੇੜੇ ਤੋਂ ਸਹਿਯੋਗ ਕਰ ਰਹੇ ਹਨ। ਉਹ ਇੰਡੀਅਨ ਕੀਵੀ ਪਾਜ਼ੇਟਿਵ ਏਜਿੰਗ ਗਰੁਪ ਦੇ ਚੇਅਰ ਹਨ ਅਤੇ ਇਸ ਨਾਲ ਹੀ ਵ੍ਹਾਈਟ ਰੀਬਨ ਅੰਬੈਸਡਰ ਅਤੇ ਅੰਬੈਸਡਰ ਆਫ਼ ਪੀਸ ਹਨ।