ਆਸਟ੍ਰੇਲੀਆ ਗਏ 4 ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਾਤ ’ਚ ਮੌਤ
ਪਰਿਵਾਰ ਨੂੰ ਮਿਲਨਦੀਪ ਸਿੰਘ ਦੀ ਮੌਤ ਦੀ ਸੂਚਨਾ ਤਿੰਨ ਦਿਨ ਬਾਅਦ ਹੀ ਬੁੱਧਵਾਰ ਸਵੇਰੇ ਮਿਲੀ
ਗੂਹਲਾ ਚੀਕਾ : ਹਲਕਾ ਗੂਹਲਾ ਦੇ ਪਿੰਡ ਚਾਬਾ ਦੇ ਰਹਿਣ ਵਾਲੇ ਨੌਜਵਾਨ ਮਿਲਨਦੀਪ ਸਿੰਘ ਦੀ ਆਸਟ੍ਰੇਲੀਆ ’ਚ ਸ਼ੱਕੀ ਹਾਲਤ ’ਚ ਮੌਤ ਹੋ ਗਈ।ਅਸਟਰੇਲੀਆ ’ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿ੍ਰਤਕ ਮਿਲਨਦੀਪ ਸਿੰਘ ਇਕ ਕੰਪਨੀ ’ਚ ਕੰਮ ਕਰਦਾ ਸੀ, ਜਿਸ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਪਰਿਵਾਰ ਨੂੰ ਮਿਲਨਦੀਪ ਸਿੰਘ ਦੀ ਮੌਤ ਦੀ ਸੂਚਨਾ ਤਿੰਨ ਦਿਨ ਬਾਅਦ ਹੀ ਬੁੱਧਵਾਰ ਸਵੇਰੇ ਮਿਲੀ। ਪੰਜ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਗੱਲ ਕੀਤੀ।
ਮਿਲਨਦੀਪ ਸਿੰਘ 5 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਗਿਆ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਕ ਕੰਪਨੀ ’ਚ ਕੰਮ ਕਰ ਰਿਹਾ ਸੀ। ਉਸ ਦੇ ਪਿਤਾ ਡਾਕਟਰ ਤੇਜਾ ਸਿੰਘ ਸਰਕਾਰੀ ਸਿਹਤ ਕੇਂਦਰ ਤੋਂ ਸੇਵਾਮੁਕਤ ਆਰ ਐਮ ਪੀ ਡਾਕਟਰ ਹਨ। ਮਿਲਨਦੀਪ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਅਜੇ ਤੱਕ ਥਾਣਾ ਗੂਹਲਾ ਨੂੰ ਇਸ ਸਬੰਧੀ ਸੂਚਨਾ ਨਹੀਂ ਮਿਲੀ ਹੈ।
ਮਿਲਨਦੀਪ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਸਦਮੇ ਵਿੱਚ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਅੱਜ ਸਵੇਰ ਤੋਂ ਹੀ ਪਿੰਡ ਵਾਸੀ ਤੇ ਰਿਸ਼ਤੇਦਾਰ ਡਾ: ਤੇਜਾ ਸਿੰਘ ਦੇ ਘਰ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਪਹੁੰਚ ਰਹੇ ਹਨ। ਪਿੰਡ ਚੱਬਾ ਦੇ ਸਰਪੰਚ ਹੁਸ਼ਿਆਰ ਸਿੰਘ ਅਤੇ ਗੁਰਦੀਪ ਸਿੰਘ ਚਾਬਾ ਨੇ ਦੱਸਿਆ ਕਿ ਮਿਲਨਦੀਪ ਸਿੰਘ ਆਸਟ੍ਰੇਲੀਆ ਦੇ ਸਪਰਿੰਗਵੇਲ ਵਿੱਚ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਮਿਲਨਦੀਪ ਸਿੰਘ ਦੇ ਨਾਲ ਰਹਿਣ ਵਾਲੇ ਇਕ ਨੌਜਵਾਨ ਨੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ।