ਕੁਆਲਾਲੰਪੁਰ ਘੁੰਮਣ ਗਈ ਭਾਰਤੀ ਔਰਤ ਜ਼ਮੀਨ ਧਸਣ ਕਾਰਨ 26 ਫੁੱਟ ਡੂੰਘੇ ਖੱਡੇ ’ਚ ਡਿੱਗੀ, ਲੱਭਣ ਦੀਆਂ ਕੋਸ਼ਿਸ਼ਾਂ ਜਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਚਾਨਕ ਜ਼ਮੀਨ ਧਸ ਜਾਣ ਕਾਰਨ ਸੜਕ ’ਤੇ ਤੁਰੀ ਜਾਂਦੀ ਔਰਤ ਹੋਈ ਗਾਇਬ

Kuala Lumpur

ਕੁਆਲਾਲੰਪੁਰ: ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ’ਚ ਸ਼ੁਕਰਵਾਰ ਨੂੰ ਅਚਾਨਕ ਜ਼ਮੀਨ ਧਸ ਜਾਣ ਕਾਰਨ ਇਕ ਭਾਰਤੀ ਔਰਤ ਖੱਡ ’ਚ ਡਿੱਗ ਗਈ। ਪੁਲਿਸ ਨੇ ਦਸਿਆ ਕਿ ਔਰਤ ਦੇ ਜ਼ਮੀਨ ਹੇਠਾਂ ਵਗਦੇ ਪਾਣੀ ’ਚ ਵਹਿ ਜਾਣ ਦਾ ਖਦਸ਼ਾ ਹੈ। 

ਸਥਾਨਕ ਪੁਲਿਸ ਮੁਖੀ ਸੁਲਿਜ਼ਮੀ ਐਫੇਂਡੀ ਸੁਲੇਮਾਨ ਨੇ ਦਸਿਆ ਕਿ ਇਹ ਹਾਦਸਾ ਮਲੇਸ਼ੀਆ ਦੀ ਰਾਜਧਾਨੀ ਦੇ ਡਾਂਗ ਵਾਂਗੀ ਇਲਾਕੇ ’ਚ ਵਾਪਰਿਆ। ਉਨ੍ਹਾਂ ਦਸਿਆ ਕਿ ਜਦੋਂ ਔਰਤ ਰਸਤੇ ’ਚ ਪੈਦਲ ਲੰਘ ਰਹੀ ਸੀ ਤਾਂ ਅਚਾਨਕ ਜ਼ਮੀਨ ਦਾ ਇਕ ਹਿੱਸਾ ਢਹਿ ਗਿਆ, ਜਿਸ ਨਾਲ 26 ਫੁੱਟ ਡੂੰਘਾ ਖੱਡਾ ਹੋ ਗਿਆ ਅਤੇ ਉਹ ਉਸ ’ਚ ਡਿੱਗ ਗਈ। 

ਉਨ੍ਹਾਂ ਦਸਿਆ ਕਿ ਔਰਤ ਭਾਰਤ ਤੋਂ ਮਲੇਸ਼ੀਆ ਘੁੰਮਣ ਲਈ ਆਈ ਸੀ ਅਤੇ ਉਸ ਦੀ ਉਮਰ 48 ਸਾਲ ਹੈ। ਸੁਲੇਮਾਨ ਨੇ ਦਸਿਆ ਕਿ ਬਚਾਅ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਬੈਰੀਕੇਡ ਲਗਾਏ ਅਤੇ ਖੱਡ ’ਚੋਂ ਮਲਬਾ ਹਟਾਉਣ ਲਈ ਖੁਦਾਈ ਕਰਨ ਵਾਲੇ ਯੰਤਰ ਦੀ ਵਰਤੋਂ ਕੀਤੀ ਪਰ ਔਰਤ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਦੋਂ ਸੁਲੇਮਾਨ ਤੋਂ ਔਰਤ ਦੀ ਹਾਲਤ ਜਾਂ ਘਟਨਾ ਦਾ ਕਾਰਨ ਪੁਛਿਆ ਗਿਆ ਤਾਂ ਉਸ ਨੇ ਕੋਈ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ। 

ਕੁਆਲਾਲੰਪੁਰ ਦੇ ਪੁਲਿਸ ਮੁਖੀ ਰੂਸੀ ਮੁਹੰਮਦ ਈਸਾ ਨੇ ਕਿਹਾ ਕਿ ਜ਼ਮੀਨਦੋਜ਼ ਪਾਣੀ ਤੇਜ਼ ਸੀ, ਇਸ ਲਈ ਔਰਤ ਦੇ ਵਹਿ ਜਾਣ ਦਾ ਖਦਸ਼ਾ ਹੈ। ਉਨ੍ਹਾਂ ਨੇ ਦਸਿਆ ਕਿ ਔਰਤ ਅਪਣੇ ਪਤੀ ਅਤੇ ਕਈ ਦੋਸਤਾਂ ਨਾਲ ਕਰੀਬ ਦੋ ਮਹੀਨੇ ਪਹਿਲਾਂ ਛੁੱਟੀਆਂ ਮਨਾਉਣ ਲਈ ਮਲੇਸ਼ੀਆ ਆਈ ਸੀ ਅਤੇ ਸਨਿਚਰਵਾਰ ਨੂੰ ਘਰ ਪਰਤਣ ਵਾਲੀ ਸੀ।