ਆਸਟ੍ਰੇਲੀਆ ’ਚ ਪੰਜਾਬੀ ਬਜ਼ੁਰਗ ਨੇ ਗੱਡੇ ਝੰਡੇ, ਜਿਮਨਾਸਟਿਕ ਦੀਆਂ ਖੇਡਾਂ 'ਚ ਹਾਸਲ ਕੀਤੇ 3 ਮੈਡਲ
ਸੰਧੂ ਦੀ ਇਸ ਜਿੱਤ ਨਾਲ ਆਸਟ੍ਰੇਲੀਆ ਦੀ ਧਰਤੀ ’ਤੇ ਜਿਥੇ ਭਾਰਤੀ ਝੰਡੇ ਦਾ ਮਾਣ ਵਧਿਆ ਹੈ ਉਥੇ ਪੰਜਾਬੀਆਂ ਦੀ ਵੀ ਬੱਲੇ-ਬੱਲੇ ਹੋਈ।
Gurmej Singh Sandhu
ਕੋਟਕਪੂਰਾ - ਆਸਟ੍ਰੇਲੀਆ ਦੇ ਸਿਡਨੀ ’ਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਇੰਟਰਫੇਥ ਐਥਲੈਟਿਕਸ ਕਾਰਨੀਵਲ-2023 ਦੇ ਬੈਨਰ ਹੇਠ ਜਿਮਨਾਸਿਟਕ ਦੀਆਂ ਖੇਡਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਸ ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਖੇਡਾਂ ਰੇਸ, ਗੋਲਾ ਸੁੱਟਣਾ, ਲੰਬੀ ਤੇ ਉੱਚੀ ਛਾਲ ਆਦਿ ’ਚ ਹਰ ਉਮਰ ਦਾ ਵਿਅਕਤੀ ਸ਼ਮੂਲੀਅਤ ਕਰ ਸਕਦਾ ਹੈ।
ਇਸ ਮੌਕੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਖਾਰਾ ਦੇ ਜੰਮਪਲ, ਪੰਜਾਬ ਐਂਡ ਸਿੰਧ ਬੈਂਕ ’ਚੋਂ ਸੇਵਾ-ਮੁਕਤ ਅਤੇ ਜਿਮਨਾਸਟਿਕ ਦੀਆਂ ਖੇਡਾਂ ’ਚੋਂ ਭਾਰਤ ’ਚ ਰਾਸ਼ਟਰੀ ਪੱਧਰ ਦੇ ਪੁਰਸਕਾਰ ਹਾਸਲ ਕਰਨ ਵਾਲੇ ਗੁਰਮੇਜ ਸਿੰਘ ਸੰਧੂ ਨੇ ਇਸ ਟੂਰਨਾਮੈਂਟ ’ਚ ਦੋ ਸੋਨੇ ਅਤੇ ਇਕ ਚਾਂਦੀ ਦਾ ਮੈਡਲ ਹਾਸਲ ਕੀਤਾ। ਸੰਧੂ ਦੀ ਇਸ ਜਿੱਤ ਨਾਲ ਆਸਟ੍ਰੇਲੀਆ ਦੀ ਧਰਤੀ ’ਤੇ ਜਿਥੇ ਭਾਰਤੀ ਝੰਡੇ ਦਾ ਮਾਣ ਵਧਿਆ ਹੈ ਉਥੇ ਪੰਜਾਬੀਆਂ ਦੀ ਵੀ ਬੱਲੇ-ਬੱਲੇ ਹੋਈ।