ਨਿਊਜ਼ੀਲੈਂਡ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਹ ਨੌਜਵਾਨ ਅਕਤੂਬਰ 2016 ਦੇ ਵਿਚ ਇਥੇ ਬਿਜ਼ਨਸ ਦੀ ਪੜ੍ਹਾਈ ਕਰਨ ਆਇਆ ਸੀ ਅਤੇ ਹੁਣ ਤਿੰਨ ਸਾਲ ਦੇ ਵਰਕ ਵੀਜ਼ੇ ਉਤੇ ਸੀ।

Punjabi youth dies of heart attack in New Zealand

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਵਲਿੰਗਟਨ ਵਿਖੇ ਬੀਤੇ ਸੋਮਵਾਰ ਸਵੇਰੇ 9 ਕੁ ਵਜੇ ਜਦੋਂ ਇਕ 25 ਸਾਲਾ ਪੰਜਾਬੀ ਨੌਜਵਾਨ ਪਰਮਿੰਦਰ ਸਿੰਘ ਸਾਬੀ ਜੋ ਕਿ ਇਕ ਲਿੱਕਰ ਸਟੋਰ ਉਤੇ ਕੰਮ ਕਰਦਾ ਸੀ, ਤਿਆਰ ਹੋ ਕੇ ਕੰਮ 'ਤੇ ਜਾਣ ਲਈ ਚਾਬੀਆਂ ਹੱਥ 'ਚ ਫੜ੍ਹੀ ਨਿਕਲਿਆਂ ਤਾਂ ਕਮਰੇ ਦੇ ਬਾਹਰ ਜਿਵੇਂ ਉਸਨੂੰ ਮੌਤ ਉਡੀਕ ਰਹੀ ਹੋਵੇ, ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਡਿੱਗ ਪਿਆ।

ਕੰਮ 'ਤੇ ਨਾ ਪਹੁੰਚਣ ਕਾਰਨ ਮਾਲਕ ਨੂੰ ਫ਼ਿਕਰ ਹੋਇਆ ਤਾਂ ਉਸ ਨੇ ਉਸ ਦੀ ਰਿਹਾਇਸ਼ ਤੋਂ ਜਦੋਂ ਪਤਾ ਕਰਵਾਇਆ ਤਾਂ ਪਤਾ ਲੱਗਾ ਕਿ ਉਹ ਤਾਂ ਕਮਰੇ ਦੇ ਬਾਹਰ ਹੀ ਡਿਗਿਆ ਪਿਆ  ਹੈ। ਐਂਬੂਲੈਂਸ ਬੁਲਾਈ ਗਈ ਅਤੇ ਪਾਇਆ ਗਿਆ ਕਿ ਬਹੁਤ ਦੇਰ ਹੋ ਗਈ ਹੈ ਅਤੇ ਉਸ ਦੀ ਮੌਤ ਹੋ ਚੁੱਕੀ ਹੈ। ਇਸ ਨੌਜਵਾਨ ਦਾ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਸੀ। ਉਸ ਦੇ ਪਿਤਾ ਦਾ ਨਾਂ ਦਲਜੀਤ ਸਿੰਘ ਅਤੇ ਮਾਤਾ ਦਾ ਨਾਂ ਰਜਿੰਦਰ ਕੌਰ ਹੈ।

ਇਕ ਛੋਟਾ ਭਰਾ ਪਿੰਡ ਹੈ ਅਤੇ ਵੱਡੀ ਭੈਣ ਕੈਨੇਡਾ ਪੜ੍ਹਨ ਗਈ ਹੋਈ ਹੈ। ਇਹ ਨੌਜਵਾਨ ਅਕਤੂਬਰ 2016 ਦੇ ਵਿਚ ਇਥੇ ਬਿਜ਼ਨਸ ਦੀ ਪੜ੍ਹਾਈ ਕਰਨ ਆਇਆ ਸੀ ਅਤੇ ਹੁਣ ਤਿੰਨ ਸਾਲ ਦੇ ਵਰਕ ਵੀਜ਼ੇ ਉਤੇ ਸੀ। 4 ਕੁ ਮਹੀਨੇ ਪਹਿਲਾਂ ਹੀ ਇਹ ਵਲਿੰਗਟਨ ਗਿਆ ਸੀ। ਭਾਰਤੀ ਹਾਈ ਕਮਿਸ਼ਨ ਦੇ ਨਾਲ ਸੰਪਰਕ ਤੋਂ ਬਾਅਦ ਉਸ ਦਾ ਮ੍ਰਿਤਕ ਸਰੀਰ ਸ਼ੁੱਕਰਵਾਰ ਇੰਡੀਆ ਭੇਜਿਆ ਜਾ ਰਿਹਾ ਹੈ।