ਕੈਨੇਡਾ: ਭਾਰਤੀ ਮੂਲ ਦੇ ਪਹਿਲੇ MLA ਡਾ. ਗੁਲਜ਼ਾਰ ਚੀਮਾ ਦੇ ਨਾਮ 'ਤੇ ਰੱਖਿਆ ਸ਼ਹਿਰ ਦੀ ਸੜਕ ਦਾ ਨਾਮ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਡਾ ਦੇ ਪ3ਧਾਨ ਮੰਤਰੀ ਟਰੂਡੋ ਨੇ ਵੀ ਇਕ ਪੱਤਰ ਲਿਖ ਕੇ ਇਸ ਸਨਮਾਨ ਲਈ ਡਾ: ਗੁਲਜ਼ਾਰ ਨੂੰ ਵਧਾਈ ਦਿੱਤੀ ਹੈ।

Dr Gulzar Cheema

 

ਟੋਰਾਂਟੋ : 'ਵਿੰਨੀਪੈਗ ਸਿਟੀ ਕੌਂਸਲ' ਨੇ ਮੈਨੀਟੋਬਾ, ਕੈਨੇਡਾ ਵਿਚ ਚੁਣੇ ਗਏ ਭਾਰਤੀ ਮੂਲ ਦੇ ਪਹਿਲੇ ਐਮ ਐਲ ਏ ਡਾ. ਗੁਲਜ਼ਾਰ ਸਿੰਘ ਚੀਮਾ ਦੇ ਨਾਮ 'ਤੇ ਸ਼ਹਿਰ ਦੀ ਇਕ ਸੜਕ ਦਾ ਨਾਮ ਡਾ. ਗੁਲਜ਼ਾਰ ਚੀਮਾ ਸਟਰੀਟ ਰੱਖਿਆ ਹੈ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ। ਟਰੂਡੋ ਨੇ ਇਕ ਪੱਤਰ ਲਿਖ ਕੇ ਇਸ ਸਨਮਾਨ ਲਈ ਡਾ: ਗੁਲਜ਼ਾਰ ਨੂੰ ਵਧਾਈ ਦਿੱਤੀ ਹੈ।

ਇਸ ਸਬੰਧੀ ਵਿੰਨੀਪੈਗ ਸਿਟੀ ਕੌਂਸਲ ਦੀ ਸਪੀਕਰ ਦੇਵੀ ਸ਼ਰਮਾ ਤੋਂ ਪ੍ਰਾਪਤ ਇਕ ਜਾਣਕਾਰੀ ਮੁਤਾਬਕ ਡਾ. ਗੁਲਜ਼ਾਰ ਸਿੰਘ ਚੀਮਾ ਦੀਆਂ ਵਿੰਨੀਪੈਗ ਸ਼ਹਿਰ ਅਤੇ ਕਮਿਊਨਿਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਉਕਤ ਫ਼ੈਸਲਾ ਲਿਆ ਗਿਆ ਸੀ। ਇਸ ਸਬੰਧੀ ਸਿਟੀ ਵੱਲੋਂ ਸਟਰੀਟ ਨਾਮਕਰਣ ਸਮਾਗਮ 23 ਅਕਤੂਬਰ ਬੀਤੇ ਦਿਨ ਸ਼ਨੀਵਾਰ ਨੂੰ ਕਮਰਸ਼ੀਅਲ ਐਵਨਿਊ- ਚੀਮਾ ਡਰਾਈਵ (ਵੈਸਟ ਆਫ ਐਡਵਰਡ ਸਟਰੀਟ) 'ਤੇ ਰੱਖਿਆ ਗਿਆ।

ਜ਼ਿਕਰਯੋਗ ਹੈ ਕਿ ਡਾ ਗੁਲਜ਼ਾਰ ਸਿੰਘ ਚੀਮਾ ਜੋ ਕਿ ਅੱਜ ਕੱਲ ਸਰੀ ਵਿਖੇ ਰਹਿ ਰਹੇ ਹਨ, ਲੰਬਾ ਸਮਾਂ ਵਿੰਨੀਪੈਗ ਸ਼ਹਿਰ ਵਿਚ ਆਪਣੇ ਪਰਿਵਾਰ ਸਮੇਤ ਰਹੇ ਹਨ। ਉਹ ਇਥੋ ਦੇ ਕਿਲਡੋਨਨ ਹਲਕੇ ਤੋਂ ਪਹਿਲੀ ਵਾਰ 1988 ਵਿਚ ਲਿਬਰਲ ਵਿਧਾਇਕ ਚੁਣੇ ਗਏ ਸਨ। ਇੱਕ ਕੈਨੇਡੀਅਨ ਲਿਬਰਲ ਸਿਆਸਤਦਾਨ ਜੌਨ ਐਲਡਾਗ ਸਮਾਗਮ ਵਿਚ ਸ਼ਾਮਲ ਹੋਏ। ਉਹਨਾਂ ਨੇ ਇਸ ਬਾਰੇ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ।

ਡਾ. ਗੁਲਜ਼ਾਰ ਕੈਨੇਡਾ ਦੀ ਕਿਸੇ ਲੈਜਿਸਲੇਚਰ ਵਿਚ ਪੁੱਜਣ ਵਾਲੇ ਪਹਿਲੇ ਵਿਧਾਇਕ ਬਣੇ ਸਨ। ਬਾਅਦ ਵਿਚ ਉਹ ਬੀ ਸੀ ਚਲੇ ਗਏ ਜਿਥੇ ਉਹ 2001 ਵਿਚ ਮੁੜ ਵਿਧਾਇਕ ਤੇ ਸਿਹਤ ਮੰਤਰੀ ਬਣੇ। ਉਹ ਇਸ ਸਮੇ ਵੀ ਫੈਡਰਲ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨੇੜਲੇ ਸਾਥੀਆਂ ਵਿਚ ਉਹਨਾਂ ਦਾ ਸ਼ੁਮਾਰ ਹੈ।