ਕੈਨੇਡਾ ਦੇ ਟੋਰਾਂਟੋ 'ਚ ਭਾਰਤੀ ਮੂਲ ਦੀ ਕੁੜੀ ਦਾ ਕਤਲ, ਸਾਥੀ 'ਤੇ ਲੱਗੇ ਕਤਲ ਦੇ ਇਲਜ਼ਾਮ
30 ਸਾਲਾ ਹਿਮਾਂਸ਼ੀ ਖੁਰਾਨਾ ਵਜੋਂ ਹੋਈ ਪਛਾਣ
Himanshi Khurana Murder news: ਕੈਨੇਡਾ ਦੇ ਟੋਰਾਂਟੋ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੀ 30 ਸਾਲਾ ਲੜਕੀ ਹਿਮਾਂਸ਼ੀ ਖੁਰਾਨਾ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ 32 ਸਾਲਾ ਅਬਦੁਲ ਗਫੂਰੀ ਨੂੰ ਮੁੱਖ ਦੋਸ਼ੀ ਨਾਮਜ਼ਦ ਕੀਤਾ ਹੈ, ਮੁਲਜ਼ਮ ਵਿਰੁੱਧ ਕੈਨੇਡਾ ਭਰ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਟੋਰਾਂਟੋ ਪੁਲਿਸ ਦੇ ਅਨੁਸਾਰ, ਹਿਮਾਂਸ਼ੀ ਖੁਰਾਨਾ ਦੀ ਲਾਸ਼ ਇਕ ਰਿਹਾਇਸ਼ ਦੇ ਅੰਦਰੋਂ ਬਰਾਮਦ ਕੀਤੀ ਗਈ। ਸ਼ੁਰੂਆਤੀ ਜਾਂਚ ਵਿਚ ਇਸ ਘਟਨਾ ਨੂੰ ਘਰੇਲੂ ਜਾਂ ਨਜ਼ਦੀਕੀ ਸਬੰਧਾਂ ਦੀ ਹਿੰਸਾ ਵਜੋਂ ਦੇਖਿਆ ਜਾ ਰਿਹਾ ਹੈ। ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪੋਸਟ ਵਿੱਚ ਕਿਹਾ ਗਿਆ ਹੈ, "ਅਸੀਂ ਭਾਰਤੀ ਨਾਗਰਿਕ ਹਿਮਾਂਸ਼ੀ ਖੁਰਾਨਾ ਦੇ ਕਤਲ ਤੋਂ ਬਹੁਤ ਦੁਖੀ ਅਤੇ ਹੈਰਾਨ ਹਾਂ।" "ਅਸੀਂ ਇਸ ਡੂੰਘੇ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ।
ਕੌਂਸਲੇਟ ਪਿਛਲੇ ਕੁਝ ਦਿਨਾਂ ਤੋਂ ਇਸ ਮਾਮਲੇ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ।" ਦੂਤਾਵਾਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਸਬੰਧੀ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਟੋਰਾਂਟੋ ਪੁਲਿਸ ਨੇ ਸ਼ੱਕੀ ਅਬਦੁਲ ਗਫੂਰੀ ਦੀ ਇੱਕ ਫੋਟੋ ਜਾਰੀ ਕੀਤੀ ਹੈ ਅਤੇ ਜਨਤਕ ਸਹਾਇਤਾ ਦੀ ਅਪੀਲ ਕੀਤੀ ਹੈ।
ਜੇਕਰ ਕਿਸੇ ਨੂੰ ਵੀ ਉਸ ਦੇ ਟਿਕਾਣੇ ਬਾਰੇ ਜਾਣਕਾਰੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਸ਼ੱਕੀ ਇਸ ਸਮੇਂ ਫਰਾਰ ਹੈ ਅਤੇ ਉਸ ਨੂੰ ਫੜਨ ਲਈ ਕੈਨੇਡਾ ਭਰ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।