ਪੰਜਾਬ ਤੋਂ ਬਣੀ ਨਿਊਜ਼ੀਲੈਂਡ ਏਅਰ ਫੋਰਸ ਦੀ ਪਹਿਲੀ ਸਿੱਖ ਅਫ਼ਸਰ
ਵਿਦੇਸ਼ਾਂ ਦੀ ਧਰਤੀ ਉਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਰਾਮ ਨਗਰ ਢੇਹਾ ਦੀ 22 ਸਾਲਾ ਮੁਟਿਆਰ....
ਨਿਊਜ਼ੀਲੈਂਡ : ਵਿਦੇਸ਼ਾਂ ਦੀ ਧਰਤੀ ਉਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਰਾਮ ਨਗਰ ਢੇਹਾ ਦੀ 22 ਸਾਲਾ ਮੁਟਿਆਰ ਨੇ ਵੱਡਾ ਨਾਮ ਖੱਟਿਆ ਹੈ। ਰਵਿੰਦਰ ਕੌਰ ਪਹਿਗੁਰਾ ਨਿਊਜ਼ੀਲੈਂਡ ਏਅਰ ਫੋਰਸ ਵਿਚ ਅਫ਼ਸਰ ਲੱਗਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਰਵਿੰਦਰਜੀਤ ਕੌਰ ਦੇ ਜੱਦੀ ਘਰ ਵਿਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ। ਉਸ ਦੀ ਦਾਦੀ ਨਿਰਮਲ ਕੌਰ ਤੇ ਹੋਰਨਾਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਵਿੰਦਰ ਦੇ ਪਿਤਾ ਗੁਰਪਾਲ ਸਿੰਘ ਤੇ ਮਾਤਾ ਮਨਵੀਰ ਕੌਰ ਦਾ ਵਿਆਹ 1987 ਵਿਚ ਹੋਇਆ ਸੀ।
ਵਿਆਹ ਉਪਰੰਤ ਉਹ ਨਿਊਜ਼ੀਲੈਂਡ ਚਲੇ ਗਏ ਸਨ ਤੇ ਉਥੇ ਅਪਣੀ ਟ੍ਰਾਂਸਪੋਰਟ ਖੜ੍ਹੀ ਕਰ ਦਿਤੀ। ਉਨ੍ਹਾਂ ਦੱਸਿਆ ਕਿ ਰਵਿੰਦਰ ਦਾ ਜਨਮ ਨਿਊਜ਼ੀਲੈਂਡ ਹੀ ਹੋਇਆ ਪਰ ਗੁਰਪਾਲ ਹੁਰੀਂ ਅਕਸਰ ਪੰਜਾਬ ਆਉਂਦੇ ਰਹਿੰਦੇ। ਉਨ੍ਹਾਂ ਦੀ ਮਿਹਨਤੀ ਧੀ ਨੇ ਪਿਛਲੇ ਸਾਲ ਹੀ ਅਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਤੇ ਇਸੇ ਦੌਰਾਨ ਉਥੋਂ ਦੀ ਹਵਾਈ ਫ਼ੌਜ ਵਿਚ ਭਰਤੀ ਹੋਣ ਲਈ ਸਿਖਲਾਈ ਲੈਣੀ ਸ਼ੁਰੂ ਕਰ ਦਿਤੀ।
ਦਸੰਬਰ ਵਿਚ ਪੜ੍ਹਾਈ ਪੂਰੀ ਹੋਣ ਉਪਰੰਤ ਪੰਜਾਬੀ ਮੂਲ ਦੀ ਮੁਟਿਆਰ ਨਿਊਜ਼ੀਲੈਂਡ ਦੀ ਪਹਿਲੀ ਸਿੱਖ ਮਹਿਲਾ ਏਅਰ ਅਫ਼ਸਰ ਬਣ ਗਈ ਹੈ। ਪਿੰਡ ਦੀ ਕੁੜੀ ਦੇ ਇਸ ਵੱਡੇ ਮੁਕਾਮ 'ਤੇ ਪਹੁੰਚਣ 'ਤੇ ਮਿਠਾਈਆਂ ਵੰਡ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਪਿੰਡ ਨੂੰ ਇਸ ਕੁੜੀ ਦੇ ਉਤੇ ਮਾਣ ਹੈ।