27 ਜਨਵਰੀ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ, ਜਲੰਧਰ 'ਚ ਕਰਨਗੇ ਵਰਚੁਅਲ ਰੈਲੀ
ਪੰਜਾਬ ਦੀ ਜਨਤਾ ਅਤੇ ਵਰਕਰਾਂ ਨੂੰ ਕਰਨਗੇ ਸੰਬੋਧਨ
ਚੰਡੀਗੜ੍ਹ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ, ਵਰਚੁਅਲ ਰੈਲੀਆਂ ਅਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਇਸ ਦੇ ਚਲਦਿਆਂ ਹੀ ਹੁਣ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਪੰਜਾਬ ਆਉਣਗੇ ਅਤੇ ਇਥੇ ਇੱਕ ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ 27 ਜਨਵਰੀ ਨੂੰ ਪੰਜਾਬ ਆਉਣਗੇ ਅਤੇ ਅੰਮ੍ਰਿਤਸਰ ਤੋਂ ਚੋਣ ਪ੍ਰਚਾਰ ਸ਼ੁਰੂ ਕਰਨਗੇ। ਇਸ ਤੋਂ ਬਾਅਦ ਉਹ ਜਲੰਧਰ ਵਿਚ ਪਾਰਟੀ ਵਰਕਰਾਂ ਅਤੇ ਸੂਬੇ ਦੀ ਜਨਤਾ ਨੂੰ ਵਰਚੁਅਲ ਰੈਲੀ ਰਾਹੀਂ ਸੰਬੋਧਨ ਕਰਨਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਤਿੰਨ ਪੰਜਾਬ ਦੌਰੇ ਰੱਦ ਹੋ ਚੁੱਕੇ ਹਨ। ਮੋਗਾ ’ਚ 3 ਜਨਵਰੀ ਨੂੰ ਹੋਣ ਵਾਲੀ ਰੈਲੀ ਰਾਹੁਲ ਗਾਂਧੀ ਦੇ ਨਿੱਜੀ ਪ੍ਰੋਗਰਾਮਾਂ ’ਚ ਰੁੱਝੇ ਹੋਣ ਕਾਰਨ ਰੱਦ ਹੋਈ।
ਇਸ ਤੋਂ ਬਾਅਦ ਉਹ 5 ਜਨਵਰੀ ਨੂੰ ਪੰਜਾਬ ’ਚ ਆਉਣ ਵਾਲੇ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਕਾਰਨ ਰਾਹੁਲ ਗਾਂਧੀ ਨੇ ਆਪਣੀ ਰੈਲੀ ਨੂੰ ਟਾਲ ਦਿੱਤਾ ਸੀ। 15 ਜਨਵਰੀ ਨੂੰ ਪੰਜਾਬ ਦੌਰੇ ’ਤੇ ਆਉਣਾ ਸੀ ਤਾਂ ਚੋਣ ਕਮਿਸ਼ਨ ਦੁਆਰਾ ਕੋਰੋਨਾ ਹਿਦਾਇਤਾਂ ਦੇ ਮੱਦੇਨਜ਼ਰ ਇਹ ਰੈਲੀ ਵੀ ਉਨ੍ਹਾਂ ਨੂੰ ਰੱਦ ਕਰਨੀ ਪਈ।
ਉਨ੍ਹਾਂ ਨੇ ਆਪਣੀ ਪੰਜਾਬ ਫੇਰੀ ਦੀ ਸਮਾਂ ਸਾਰਣੀ ਵੀ ਸਾਂਝੀ ਕੀਤੀ ਹੈ ਜਿਸ ਤਹਿਤ ਉਹ ਸਵੇਰੇ 9 ਵਜੇ ਅਮ੍ਰਿਤਸਰ ਹਵਾਈ ਅੱਡੇ ਪਹੁੰਚਣਗੇ। ਉਹ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਅਤੇ ਵਾਲਮੀਕਿ ਤੀਰਥ ਅਸਥਾਨ ਵਿਖੇ ਵੀ ਨਤਮਸਤਕ ਹੋਣਗੇ। ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਜਾਰੀ ਸ਼ਡਿਊਲ ਦੇ ਮੁਤਾਬਕ ਕਾਂਗਰਸ ਦੇ ਉਮੀਦਵਾਰ ਵੀ ਰਾਹੁਲ ਗਾਂਧੀ ਨਾਲ ਰਹਿਣਗੇ।
ਸਵੇਰੇ 8.00-9.00 ਵਜੇ ਦਿੱਲੀ ਤੋਂ ਅੰਮ੍ਰਿਤਸਰ ਏਅਰਪੋਰਟ
ਸਵੇਰੇ 9:15-9:45 ਵਜੇ ਏਅਰਪੋਰਟ ਤੋਂ ਦਰਬਾਰ ਸਾਹਿਬ
ਸਵੇਰੇ 9:45-10:30 ਵਜੇ ਦਰਬਾਰ ਸਾਹਿਬ
ਸਵੇਰੇ 10:45-11:15 ਵਜੇ ਦੁਰਗਿਆਣਾ ਮੰਦਿਰ
ਸਵੇਰੇ 11:45-12.15 ਵਾਲਮੀਕਿ ਤੀਰਥ
ਦੁਪਹਿਰ 12:15-14:30 ਅੰਮ੍ਰਿਤਸਰ ਤੋਂ ਜਲੰਧਰ
ਦੁਪਹਿਰ 15:30:6:30 ਪੰਜਾਬ ਫਤਿਹ ਰੈਲੀ ਜਲੰਧਰ 'ਚ
ਸ਼ਾਮ 16:40-17:20 ਜਲੰਧਰ ਆਦਮਪੁਰ ਏਅਰਪੋਰਟ ਰੋਡ
ਸ਼ਾਮ 17:25-18:25 ਜਲੰਧਰ ਤੋਂ ਦਿੱਲੀ