ਕੈਨੇਡਾ ਨੇ ਪੰਜਾਬੀ ਨੌਜਵਾਨ ਲਵਬੀਰ ਸਿੰਘ ਨੂੰ ਕੱਢਿਆ
ਜਬਰੀ ਵਸੂਲੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੌਜਵਾਨ ਦੀ ਤਸਵੀਰ ਕੀਤੀ ਜਾਰੀ
ਵਿਦੇਸ਼ਾਂ ਵਿਚ ਜਾ ਕੇ ਪੰਜਾਬੀ ਆਪਣੀ ਮਿਹਨਤ ਸਦਕਾ ਬੁਲੰਦੀਆਂ ਛੂਹ ਰਹੇ ਹਨ ਤੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਹਨ ਪਰ ਕੁਝ ਨੌਜਵਾਨ ਅਜਿਹੇ ਵੀ ਹਨ ਜੋ ਗਲਤ ਕੰਮ ਕਰਕੇ ਆਪਣੇ ਪੈਰਾਂ ਤੇ ਖੁਦ ਕੁਹਾੜੀ ਮਾਰ ਰਹੇ ਹਨ।
ਅਜਿਹਾ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਜਿੱਥੇ ਪੰਜਾਬੀ ਨੌਜਵਾਨ ਲਵਬੀਰ ਸਿੰਘ (22) ਨੂੰ ਕੱਢ ਦਿੱਤਾ ਗਿਆ। ਇਸ ਨੌਜਵਾਨ ’ਤੇ ਜਬਰੀ ਵਸੂਲੀ ਨਾਲ ਜੁੜੀਆਂ ਅਪਰਾਧਿਕ ਸਰਗਰਮੀਆਂ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਸਰੀ ਪੁਲਿਸ ਨੇ ਨੌਜਵਾਨ ਦੀ ਤਸਵੀਰ ਜਾਰੀ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਕੋਲ ਲਵਬੀਰ ਸਿੰਘ ਦੇ ਸਾਥੀਆਂ ਤੇ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਸਾਂਝੀ ਕੀਤੀ ਜਾਵੇ।
ਸਰੀ ਪੁਲਿਸ ਸਰਵਿਸ (ਐੱਸ ਪੀ ਐੱਸ) ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਲਵਬੀਰ ਦੀ ਜਬਰੀ ਵਸੂਲੀ ਨਾਲ ਜੁੜੇ ਅਪਰਾਧਾਂ ਵਿੱਚ ਮਸ਼ਕੂਕ ਵਜੋਂ ਸ਼ਨਾਖ਼ਤ ਕੀਤੀ ਸੀ। ਲਵਬੀਰ ਸਿੰਘ 2023 ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਸਰੀ ਪੁਲਿਸ ਵੱਲੋਂ ਕੈਨੇਡਾ ਬਾਰਡਰ ਸਰਵਸਿਜ਼ ਏਜੰਸੀ (ਸੀ ਬੀ ਐੱਸ ਏ) ਨਾਲ ਆਪਣੀਆਂ ਲੱਭਤਾਂ ਸਾਂਝੀਆਂ ਕਰਨ ਮਗਰੋਂ ਨੌਜਵਾਨ ਖ਼ਿਲਾਫ਼ ਇਮੀਗ੍ਰੇਸ਼ਨ ਜਾਂਚ ਵਿੱਢੀ ਗਈ ਸੀ।
ਇਸ ਮਗਰੋਂ ਨੌਜਵਾਨ ਨੂੰ ਕੱਢਣ ਦਾ ਫੈਸਲਾ ਕੀਤਾ ਗਿਆ। ਸਰੀ ਪੁਲਿਸ ਨੇ ਆਸ ਜਤਾਈ ਕਿ ਪੰਜਾਬੀ ਨੌਜਵਾਨ ਦੀ ਤਸਵੀਰ ਜਨਤਕ ਕੀਤੇ ਜਾਣ ਨਾਲ ਗਵਾਹ, ਪੀੜਤ ਜਾਂ ਹੋਰ ਸਾਥੀ ਅੱਗੇ ਆਉਣਗੇ। ਜਾਣਕਾਰੀ ਦੇਣ ਵਾਲੇ ਨੂੰ ਸਰੀ ਐਕਸਟੌਰਸ਼ਨ ਰਿਵਾਰਡ ਫੰਡ ਤਹਿਤ ਢਾਈ ਲੱਖ ਕੈਨੇਡੀਅਨ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।