ਭਾਰਤੀ ਮੂਲ ਦੇ ਵਿਅਕਤੀ ਨੇ ‘ਪਾਕਿਸਤਾਨੀਆਂ' ਤੋਂ ਪ੍ਰੇਸ਼ਾਨ ਹੋ ਕੇ ਲੰਡਨ 'ਚ ਅਪਣਾ ਰੇਸਤਰਾਂ ਬੰਦ ਕਰਨ ਦਾ ਕੀਤਾ ਫ਼ੈਸਲਾ
ਕੱਟੜਵਾਦੀ ਲੋਕ ਇਹ ਯਾਦ ਰੱਖਣ, ਤੁਸੀਂ ਮੇਰਾ ਕਾਰੋਬਾਰ ਬੰਦ ਕਰਵਾ ਸਕਦੇ ਹੋ ਪਰ ਮੇਰੀ ਇੱਛਾ ਨਹੀਂ-ਕਪੂਰ
ਲੰਡਨ : ਲੰਡਨ ਦੇ ਹੈਮਰਸਮਿਥ ਇਲਾਕੇ ਵਿਚ ਸਥਿਤ ਭਾਰਤੀ ਮੂਲ ਦੇ ਰੇਸਤਰਾਂ ‘ਰੰਗਰੇਜ਼’ ਨੂੰ 16 ਸਾਲਾਂ ਬਾਅਦ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਮਾਲਕ ਹਰਮਨ ਸਿੰਘ ਕਪੂਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ ਕਿ ਵਧ ਰਹੀਆਂ ਲਾਗਤਾਂ, ਆਨਲਾਈਨ ਤੰਗ-ਪਰੇਸ਼ਾਨੀ ਅਤੇ ‘ਪਾਕਿਸਤਾਨੀਆਂ ਵਲੋਂ ਹਮਲੇ’ ਕਾਰਨ ਉਹ ਇਹ ਮੁਸ਼ਕਲ ਫੈਸਲਾ ਲੈਣ ਲਈ ਮਜਬੂਰ ਹੋਇਆ ਹੈ।
ਕਪੂਰ ਨੇ ਕਿਹਾ, ‘‘ਮੈਂ ਰੰਗਰੇਜ਼ ਰੇਸਤਰਾਂ ਨੂੰ ਅਗਲੇ ਮਹੀਨੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੱਟੜਵਾਦੀ ਲੋਕ ਇਹ ਯਾਦ ਰੱਖਣ, ਤੁਸੀਂ ਮੇਰਾ ਕਾਰੋਬਾਰ ਬੰਦ ਕਰਵਾ ਸਕਦੇ ਹੋ ਪਰ ਮੇਰੀ ਇੱਛਾ ਨਹੀਂ। ਹੁਣ ਮੈਂ ਹੋਰ ਮਜ਼ਬੂਤੀ ਨਾਲ ਆ ਰਿਹਾ ਹਾਂ, ਬਿਨਾਂ ਕਿਸੇ ਰੋਕ-ਟੋਕ ਦੇ।’’
ਸੋਸ਼ਲ ਮੀਡੀਆ ’ਤੇ ਇਸ ਖ਼ਬਰ ਨੇ ਤੇਜ਼ੀ ਨਾਲ ਧਿਆਨ ਖਿੱਚਿਆ। ਕੁੱਝ ਲੋਕਾਂ ਨੇ ਕਪੂਰ ਨਾਲ ਹਮਦਰਦੀ ਪ੍ਰਗਟਾਈ ਅਤੇ ਮਦਦ ਦੀ ਪੇਸ਼ਕਸ਼ ਕੀਤੀ, ਜਦਕਿ ਹੋਰਾਂ ਨੇ ਉਸ ਦੇ ਕਾਰੋਬਾਰ ਦੇ ਤਰੀਕੇ ’ਤੇ ਸਵਾਲ ਉਠਾਏ। ਇਕ ਯੂਜ਼ਰ ਨੇ ਲਿਖਿਆ, ‘‘ਮਾਫ਼ ਕਰਨਾ ਹਰਮਨ, ਮੈਂ ਵੀ ਕਾਰੋਬਾਰ ਕਰਦਾ ਹਾਂ ਤੇ ਵਧ ਰਹੀਆਂ ਲਾਗਤਾਂ ਦਾ ਦਰਦ ਸਮਝ ਸਕਦਾ ਹਾਂ।’’ ਇਸ ਘਟਨਾ ਨੇ ਲੰਡਨ ਵਿਚ ਭਾਰਤੀ ਭਾਈਚਾਰੇ ਵਿਚ ਚਰਚਾ ਨੂੰ ਜਨਮ ਦਿਤਾ ਹੈ। (ਏਜੰਸੀ)