Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਨੌਜਵਾਨ ਕੌਨੇਡਾ ਵਿਚ ਪਲੰਬਰ ਦਾ ਕੰਮ ਕਰਦਾ ਸੀ

Kulwinder singh

Canada News: ਸਰੀ - ਕੈਨੇਡਾ ਦੇ ਸਰੀ 'ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਵ੍ਹਾਈਟ ਰੌਕ, ਬੀਸੀ ਕੈਨੇਡਾ ਦੀ ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਰਾਤ ਨੂੰ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਸ਼ਹਿਰ ਦੇ ਵਾਟਰਫਰੰਟ ਖੇਤਰ ਵਿਚ ਤੈਨਾਤੀ ਵਧਾ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਉਸ ਖੇਤਰ ਦੇ ਵਿਚ ਇੱਕ ਬੈਂਚ 'ਤੇ ਬੈਠੇ ਇੱਕ ਹੋਰ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਤੋਂ ਦੋ ਦਿਨ ਬਾਅਦ ਕੁਲਵਿੰਦਰ ਸਿੰਘ ਸੋਹੀ ਦੀ ਹੱਤਿਆ ਕਰ ਦਿੱਤੀ ਗਈ।  

ਨੌਜਵਾਨ ਦੀ ਪਛਾਣ 27 ਸਾਲਾ ਕੁਲਵਿੰਦਰ ਸੋਹੀ ਵਜੋਂ ਹੋਈ ਹੈ। ਵ੍ਹਾਈਟ ਰੌਕ ਆਰ.ਸੀ.ਐਮ.ਪੀ ਦਾ ਕਹਿਣਾ ਹੈ ਕਿ ਉਸ ਨੂੰ ਵ੍ਹਾਈਟ ਰੌਕ ਪੀਅਰ ਦੇ ਪੂਰਬ ਵੱਲ ਕੁਝ ਬਲਾਕਾਂ, ਮਰੀਨ ਡਰਾਈਵ ਦੇ 15400 ਬਲਾਕ ਵਿਚ ਰਾਤ 9:30 ਵਜੇ ਦੇ ਆਸ-ਪਾਸ ਚਾਕੂ ਦੇ ਜ਼ਖ਼ਮਾਂ ਤੋਂ ਪੀੜਤ ਵਿਅਕਤੀ ਦੀ ਰਿਪੋਰਟ ਮਿਲੀ ਸੀ। ਸਟਾਫ਼ ਸਾਰਜੈਂਟ ਰੌਬ ਡਿਕਸਨ ਨੇ ਕਿਹਾ ਕਿ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਡਿਕਸਨ ਨੇ ਕਿਹਾ ਕਿ ਜਦੋਂ ਅਧਿਕਾਰੀ ਰਿਪੋਰਟ ਦੇ ਕੁਝ ਮਿੰਟਾਂ ਦੇ ਅੰਦਰ ਮੌਕੇ 'ਤੇ ਪਹੁੰਚੇ, ਉਹ ਸ਼ੱਕੀ ਨੂੰ ਨਹੀਂ ਲੱਭ ਸਕੇ। ਮ੍ਰਿਤਕ ਵਰਕ ਪਰਮਿਟ ਤੇ 2018 ਵਿੱਚ ਕੈਨੇਡਾ ਆਇਆ ਸੀ ਅਤੇ ਕੁਝ ਸਮੇਂ ਪਹਿਲੇ ਹੀ ਉਹ ਪੱਕਾ ਹੋਇਆ ਸੀ। ਮ੍ਰਿਤਕ ਕੁਲਵਿੰਦਰ ਸਿੰਘ ਸੋਹੀ ਕੈਨੇਡਾ ਵਿਚ ਪਲੰਬਰ ਦਾ ਕੰਮ ਕਰਦਾ ਸੀ। ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਤੋਲੇਵਾਲ ਦੇ ਨਾਲ ਸੀ।