ਭਾਰਤੀ ਮੂਲ ਦੇ ਡਾਕਟਰਾਂ ਨੇ ਪੇਸ਼ ਕੀਤੀ ਮਿਸਾਲ, ਲੋੜਵੰਦਾਂ ਲਈ ਸ਼ਰੂ ਕੀਤੀ ਭੋਜਨ ਮੁਹਿੰਮ
ਵਾਸ਼ਿੰਗਟਨ ਡੀਸੀ ਦੇ ਮੈਰੀਲੈਂਡ ਤੇ ਵਰਜੀਨੀਆ ਉਪਨਗਰ 'ਤੇ ਕੋਰੋਨਾ ਵਾਇਰਸ ਦਾ ਬਹੁਤ ਪ੍ਰਭਾਵ ਪਿਆ ਹੈ।
ਵਾਸ਼ਿੰਗਟਨ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ ਇਸ ਦੇ ਚੱਲਦੇ ਕਈਆਂ ਨੂੰ ਮੁਸ਼ਕਿਲਾਂ ਦਾ ਸਾਹਮਆ ਕਰਨਾ ਪੈ ਰਿਹਾ ਹੈ। ਕੋਰੋਨਾ ਕਰ ਕੇ ਲੌਕਡਾਊਨ ਕੀਤਾ ਗਿਆ ਅਤੇ ਇਸ ਲੌਕਡਾਊਨ ਵਿਚ ਕਈ ਸਿੱਖ ਮਸੀਹਾ ਬਣ ਕੇ ਅੱਗੇ ਆਏ ਅਤੇ ਲੋੜਵੰਦਾਂ ਦੀ ਮਦਦ ਕੀਤੀ। ਤੇ ਹੁਣ ਭਾਰਤੀ-ਅਮਰੀਕੀ ਡਾਕਟਰਾਂ ਨੇ ਪ੍ਰਮੁੱਖ ਗੁਰਦੁਆਰੇ ਨਾਲ ਮਿਲ ਕੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪ੍ਰਭਾਵਿਤ ਲੋਕਾਂ ਲਈ ਭੋਜਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਗ੍ਰੇਟਰ ਵਾਸ਼ਿੰਗਟਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਜ਼ ਆਫ਼ ਇੰਡੀਅਨ-ਓਰੀਜ਼ਿਨ ਤੇ ਪ੍ਰਮੁੱਖ ਮੈਰੀਲੈਂਡ ਗੁਰਦੁਆਰਾ ਗੁਰੂ ਨਾਨਕ ਫਾਉਂਡੇਸ਼ਨ ਆਫ ਅਮਰੀਕਾ ਨੇ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ 350 ਤੋਂ ਵੱਧ ਪਰਿਵਾਰਾਂ ਦੀ ਸੇਵਾ ਕਰਨ ਲਈ ਹਫਤੇ ਦੇ ਅਖੀਰ ‘ਚ ਆਪਣੀ ਪਹਿਲੀ ਭੋਜਨ ਮੁਹਿੰਮ ਵਿੱਢੀ। ਵਾਸ਼ਿੰਗਟਨ ਡੀਸੀ ਦੇ ਮੈਰੀਲੈਂਡ ਤੇ ਵਰਜੀਨੀਆ ਉਪਨਗਰ 'ਤੇ ਕੋਰੋਨਾ ਵਾਇਰਸ ਦਾ ਬਹੁਤ ਪ੍ਰਭਾਵ ਪਿਆ ਹੈ।
ਕੋਵਿਡ-19 ਦੀ ਇਸ ਮੁਸ਼ਕਲ ਘੜੀ 'ਚ ਜਦੋਂ ਲੱਖਾਂ ਅਮਰੀਕੀ ਨੌਕਰੀਆਂ ਗੁਆ ਚੁੱਕੇ ਹਨ, ਕਈ ਭਾਰਤੀ-ਅਮਰੀਕੀ ਸੰਸਥਾਵਾਂ ਨੇ ਇਕੱਠੇ ਹੋ ਕੇ ਤੇ ਸਕੂਲਾਂ, ਕਮਿਊਨਿਟੀ ਕਾਲਜਾਂ, ਮੰਦਰਾਂ ਤੇ ਗੁਰਦੁਆਰਿਆਂ ‘ਚ ਕਈ ਫੂਡ ਡਰਾਈਵ ਲਈ ਫੰਡ ਇਕੱਠੇ ਕਰ ਕੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ। ਐਸੋਸੀਏਸ਼ਨ ਤੇ ਗੁਰਦੁਆਰੇ ਨੂੰ ਕਈ ਹੋਰ ਭਾਰਤੀ-ਅਮਰੀਕੀ ਸੰਗਠਨਾਂ ਵੱਲੋਂ ਸਹਿਯੋਗੀ ਬਣਾਇਆ ਗਿਆ, ਜਿਨ੍ਹਾਂ ਵਿੱਚ ਇੰਡੀਆ ਡਿਵੈਲਪਮੈਂਟ ਐਂਡ ਰਿਲੀਫ ਫੰਡ, ਯੂਨਾਈਟਿਡ ਹਿੰਦੂ, ਜੈਨ ਮੰਦਰ, ਹਿੰਦੂ ਅਮਰੀਕਨ ਕਮਿਊਨਿਟੀ ਸਰਵਿਸਿਜ਼ ਅਤੇ ਅਮੈਰੀਕਨ ਡਾਇਵਰਸਿਟੀ ਗਰੁੱਪ ਸ਼ਾਮਲ ਹਨ।
ਇਹ ਮੁਹਿੰਮ ਅਮਰੀਕਾ ਦੀ ਪ੍ਰਮੁੱਖ ਚੈਰੀਟੇਬਲ ਸੰਸਥਾ ਸੇਵਾ ਇੰਟਰਨੈਸ਼ਨਲ ਦੁਆਰਾ ਸ਼ੁਰੂ ਕੀਤੀ ਗਈ ਸੀ, ਜਿਸ ਨੇ ਕੋਰੋਨਾ ਮਹਾਂਮਾਰੀ ਦੇ ਬਹੁਤ ਸਾਰੇ ਪਹਿਲੂਆਂ ਜਿਵੇਂ ਖਾਣਾ ਪਕਾਉਣ ਵਾਲੀਆਂ ਰਸੋਈਆਂ, ਭਾਰਤੀ ਵਿਦਿਆਰਥੀਆਂ ਦੀ ਰਿਹਾਇਸ਼ ਤੇ ਕੋਵਿਡ-19 ਤੋਂ ਪ੍ਰਭਾਵਤ ਮਰੀਜ਼ਾਂ ਲਈ ਪਲਾਜ਼ਮਾ ਥੈਰੇਪੀ ਵਰਗੇ ਕੰਮ ਕੀਤੇ ਹਨ।