ਨਿਊ ਮੈਕਸੀਕੋ ਵਿਚ ਸਿੱਖ ਦੇ ਰੈਸਟੋਰੈਂਟ ’ਚ ਤੋੜ-ਭੰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੰਧਾਂ ’ਤੇ ਲਿਖੇ ਨਫ਼ਰਤ ਭਰੇ ਸੰਦੇਸ਼, ਤਕਰੀਬਨ ਇਕ ਲੱਖ ਡਾਲਰ ਦਾ ਹੋਇਆ ਨੁਕਸਾਨ

File Photo

ਵਾਸ਼ਿੰਗਟਨ, 24 ਜੂਨ: ਨਿਊ ਮੈਕਸੀਕੋ ਦੇ ਸਾਂਤਾ ਫੇ ਸਿਟੀ ਵਿਚ ਇਕ ਪੰਜਾਬੀ ਵਿਅਕਤੀ ਦੇ ਰੈਸਟੋਰੈਂਟ ਵਿਚ ਤੋੜ-ਭੰਨ ਕੀਤੀ ਗਈ ਅਤੇ ਉਸ ਦੀਆਂ ਕੰਧਾਂ ’ਤੇ ਨਫ਼ਰਤ ਭਰੇ ਸੰਦੇਸ਼ ਲਿਖੇ ਗਏ। ਮੰਗਲਵਾਰ ਨੂੰ ਮੀਡੀਆ ਵਿਚ ਆਈ ਖ਼ਬਰ ਮੁਤਾਬਕ ਇੰਡੀਅਨ ਪੈਲੇਸ ਨਾਂ ਦੇ ਰੈਸਟੋਰੈਂਟ ਨੂੰ ਤਕਰੀਬਨ ਇਕ ਲੱਖ ਡਾਲਰ ਦਾ ਨੁਕਸਾਨ ਪੁੱਜਾ ਹੈ।

ਸਥਾਨਕ ਪੁਲਿਸ ਅਤੇ ਐਫ਼.ਬੀ.ਆਈ. ਇਸ ਘਟਨਾ ਦੀ ਜਾਂਚ ਕਰ ਰਹੇ ਹਨ। ‘ਸਿੱਖ ਅਮਰੀਕੀ ਲੀਗਲ ਡਿਫ਼ੈਂਸ ਐਂਡ ਐਜੂਕੇਸ਼ਨ ਫ਼ੰਡ’ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਇਸ ਦੇ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਫ਼ਰਤ ਅਤੇ ਹਿੰਸਾ ਅਸਵੀਕਾਰਯੋਗ ਹੈ ਅਤੇ ਸਾਰੇ ਅਮਰੀਕੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਤੁਰਤ ਕਾਰਵਾਈ ਕਰਨੀ ਚਾਹੀਦੀ ਹੈ। ਸਥਾਨਕ ਅਖ਼ਬਾਰ ਮੁਤਾਬਕ ਰੈਸਟੋਰੈਂਟ ਦੇ ਮੇਜਾਂ ਨੂੰ ਉਲਟਾ ਦਿਤਾ ਗਿਆ। ਕੱਚ ਦੇ ਭਾਂਡੇ ਫ਼ਰਸ਼ ’ਤੇ ਸੁੱਟ ਕੇ ਤੋੜ ਦਿਤੇ ਗਏ। ਸ਼ਰਾਬ ਦਾ ਰੈਕ ਵੀ ਖ਼ਾਲੀ ਕਰ ਦਿਤਾ ਗਿਆ।

ਇਕ ਦੇਵੀ ਦੀ ਮੂਰਤੀ ਤੋੜ ਦਿਤੀ ਗਈ ਅਤੇ ਕੰਪਿਊਟਰ ਵੀ ਚੋਰੀ ਕੀਤਾ ਗਿਆ। ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਨੇ ਕਿਹਾ,“ਮੈਂ ਰਸੋਈ ਵਿਚ ਗਿਆ, ਜਦ ਮੈਂ ਇਹ ਸੱਭ ਵੇਖਿਆ ਤਾਂ ਸੋਚਣ ਲੱਗ ਗਿਆ ਕਿ ਇਹ ਕੀ ਹੋ ਗਿਆ ਤੇ ਕੀ ਚਲ ਰਿਹਾ ਹੈ। ਰੈਸਟੋਰੈਂਟ ਦੀਆਂ ਕੰਧਾਂ, ਕਾਊਂਟਰਾਂ ਅਤੇ ਹੋਰ ਉਪਲਬਧ ਥਾਵਾਂ ’ਤੇ ‘ਵ੍ਹਾਈਟ ਪਾਵਰ’, ‘ਟਰੰਪ 2020’ ਅਤੇ ‘ਘਰ ਜਾਉ’ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਕਈ ਖ਼ਰਾਬ ਗੱਲਾਂ ਸਪਰੇਅ ਪੇਂਟਿੰਗ ਨਾਲ ਲਿਖੀਆਂ ਹੋਈਆਂ ਸਨ।                            (ਪੀ.ਟੀ.ਆਈ)