ਰਮਨਦੀਪ ਸਿੰਘ ਨੇ ਪੰਜਾਬੀਆਂ ਦੀ ਵਧਾਈ ਸ਼ਾਨ-'ਈਕੁਇਟੀ ਮੈਗਜ਼ੀਨ' ਨੇ ਐਲਾਨਿਆ 'ਫ਼ਿਊਚਰ ਲੀਡਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਨਿਊਜ਼ੀਲੈਂਡ ਦਾ 'ਪਬਲਕਿ ਸਰਵਿਸ ਕਮਿਸ਼ਨ-ਟੀ ਕਾਵਾ ਮਾਟਾਹੋ' ਨੇ ਵੀ ਅਪਣੇ ਫ਼ੇਸਬੁੱਕ ਪੇਜ ਉਤੇ ਇਹ ਪੋਸਟ ਪਾ ਕੇ ਮਾਣ ਮਹਿਸੂਸ ਕੀਤਾ ਹੈ।

Ramandeep Singh

ਆਕਲੈਂਡ : ਨਿਊਜ਼ੀਲੈਂਡ ਵਸਦਾ ਲੁਧਿਆਣਾ ਸ਼ਹਿਰ ਦਾ ਇਕ ਨੌਜਵਾਨ ਸ. ਰਮਨਦੀਪ ਸਿੰਘ (33) ਇਕ ਅਜਿਹਾ ਪੜ੍ਹਿਆ-ਲਿਖਿਆ ਚਾਰਟਡ ਅਕਾਊਟੈਂਟ ਹੈ ਜਿਸ ਨੇ ਪੰਜਾਬੀਆਂ ਦਾ ਉਸ ਵੇਲੇ ਨਾਂ ਹੋਰ ਰੌਸ਼ਨ ਕਰ ਦਿਤਾ ਜਦੋਂ ਬੀਤੇ ਦਿਨੀਂ ਉਸਨੂੰ ਆਸਟਰੇਲੀਆ ਦੇ ਇਕ ਪ੍ਰਸਿੱਧ ਮੈਗਜ਼ੀਨ 'ਈਕੁਇਟੀ ਮੈਗਜ਼ੀਨ' ਨੇ ਵੱਡੀ ਘੋਖ ਦੇ ਬਾਅਦ 'ਫਿਊਚਰ ਲੀਡਰ' ਐਲਾਨਿਆ।

ਇਹ ਮੈਗਜ਼ੀਨ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਚਾਰਟਰਡ ਅਕਾਊਟੈਂਟਾਂ ਦੀ ਕਾਰਗੁਜ਼ਾਰੀ ਨੂੰ ਵੇਖ ਕੇ ਅਜਿਹਾ ਫ਼ੈਸਲਾ ਲੈਂਦਾ ਹੈ। ਇਹ ਮੈਗਜ਼ੀਨ ਹਰ ਸਾਲ 20 ਦੇ ਕਰੀਬ 'ਫਿਊਚਰ ਲੀਡਰ' ਚੁਣਦਾ ਹੈ ਅਤੇ ਨਿਊਜ਼ੀਲੈਂਡ ਵਿਚੋਂ ਸ਼ਾਇਦ ਇਹ ਪਹਿਲਾ ਭਾਰਤੀ ਚਾਰਟਰਡ ਅਕਾਊਟੈਂਟ ਹੈ ਜਿਸ ਨੂੰ ਇਸ ਵਕਾਰੀ ਮੈਗਜ਼ੀਨ ਨੇ 'ਫਿਊਚਰ ਲੀਡਰ' ਐਲਾਨਿਆ ਹੈ। ਮੈਗਜ਼ੀਨ ਦੇ ਮੁੱਖ ਪੰਨੇ ਉਤੇ ਇਸ ਦੀ ਫ਼ੋਟੋ ਨਿਊਜ਼ੀਲੈਂਡ ਸੰਸਦ ਦੇ ਬਾਹਰ ਖੜੇ ਦੀ ਛਾਪੀ ਗਈ ਹੈ। ਨਿਊਜ਼ੀਲੈਂਡ ਦਾ 'ਪਬਲਕਿ ਸਰਵਿਸ ਕਮਿਸ਼ਨ-ਟੀ ਕਾਵਾ ਮਾਟਾਹੋ' ਨੇ ਵੀ ਅਪਣੇ ਫ਼ੇਸਬੁੱਕ ਪੇਜ ਉਤੇ ਇਹ ਪੋਸਟ ਪਾ ਕੇ ਮਾਣ ਮਹਿਸੂਸ ਕੀਤਾ ਹੈ।

ਰਮਨਦੀਪ ਸਿੰਘ ਸੰਨ 2009 ਦੇ ਵਿਚ ਲੁਧਿਆਣਾ ਸ਼ਹਿਰ ਤੋਂ ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਵਿਖੇ ਬੀ. ਸੀ.ਏ ਦੀ ਪੜ੍ਹਾਈ ਕਰਨ ਆਇਆ ਸੀ। ਇਸ ਤੋਂ ਬਾਅਦ ਉਸ ਨੇ 'ਨਿਊਜ਼ੀਲੈਂਡ ਸਿੰਫਨੀ ਆਰਕੈਸਟਰਾ' (ਸੁਰਾਂ ਨਾਲ ਮਿਲਾਉਣ ਵਾਲੇ) ਦੇ ਸਹਿਯੋਗ ਨਾਲ ਇਸ ਨੌਜਵਾਨ ਨੇ ਉਚ ਸਤਰ ਦੀ ਪੜ੍ਹਾਈ 4 ਸਾਲਾਂ ਵਿਚ ਪੂਰੀ ਕਰਦਿਆਂ 'ਚਾਰਟਰਡ ਅਕਾਊਟੈਂਟ' ਦੀ ਡਿਗਰੀ ਕਰ ਮਾਰੀ। ਬਾਕੀ ਮੁੰਡਿਆ ਵਾਂਗ ਇਸ ਨੇ ਵੀ ਬਹੁਤ ਕੁਝ ਜੀਵਨ ਸੰਘਰਸ਼ ਦਾ ਵੇਖਿਆ ਪਰ ਮਿਹਨਤ ਦੇ ਮੂਹਰੇ ਸਭ ਤੋਂ ਛੋਟਾ ਹੁੰਦਾ ਚਲਾ ਗਿਆ। ਇਸ ਵੇਲੇ ਇਹ ਨੌਜਵਾਨ ਨਿਊਜ਼ੀਲੈਂਡ ਪਬਲਿਕ ਸਰਵਸਿ ਕਮਿਸ਼ਨ ਵਿਚ ਮੈਨੇਜਮੈਂਟ ਅਕਾਊਟੈਂਟ ਵਜੋਂ ਦਸੰਬਰ 2018 ਤੋਂ ਕੰਮ ਕਰ ਰਿਹਾ ਹੈ।

ਪਿਤਾ ਸ. ਕੁਲਦੀਪ ਸਿੰਘ ਤੇ ਮਾਤਾ ਇਕਬਾਲ ਕੌਰ ਦਾ ਹੋਣਹਾਰ ਬੇਟਾ ਅਤੇ ਵਿਕਰਮਜੀਤ ਸਿੰਘ ਦਾ ਛੋਟਾ ਭਰਾ ਇਸ ਵੇਲੇ ਵਲਿੰਗਟਨ ਵਿਖੇ ਅਪਣੀ ਪਤਨੀ ਈਸ਼ਵਿੰਦਰ ਕੌਰ ਦੇ ਨਾਲ ਰਹਿ ਰਿਹਾ ਹੈ। ਰਮਨਦੀਪ ਸਿੰਘ ਜਿੱਥੇ ਆਪਣੇ ਕਿੱਤੇ ਦੇ ਵਿਚ ਨਿਪੁੰਨ ਹੈ ਉਥੇ ਇਹ ਨੌਜਵਾਨ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਬੜਾ ਨੇੜਿਓ ਵੇਖਦਾ ਹੈ ਅਤੇ 'ਮਾਈਗ੍ਰਾਂਟ ਵਰਕਰਜ਼ ਐਸੋਸੀਏਸ਼ਨ' ਤੇ 'ਮਾਈਗ੍ਰਾਂਟ ਰਾਈਟਸ ਨੈਟਵਰਕ' ਨਿਊਜ਼ੀਲੈਂਡ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਵਲੰਟੀਅਰ ਵਜੋਂ ਜੁੜਿਆ ਹੋਇਆ ਹੈ। ਮਾਈਗ੍ਰਾਂਟ ਰਾਈਟਸ ਨੈਟਵਰਕ ਤੋਂ ਸ਼ੇਰ ਸਿੰਘ ਮਾਣਕਢੇਰੀ, ਮਾਈਗ੍ਰਾਂਟ ਵਰਕਰਜ਼ ਐਸੋਸੀਏਸ਼ਨ ਤੋਂ ਭਾਰਤੀ ਕਲੋਟੀ ਅਤੇ ਮੈਡਮ ਅਨੂ ਕਲੋਟੀ ਹੋਰਾਂ ਨੇ ਇਸ ਨੌਜਵਾਨ ਨੂੰ ਇਸ ਪ੍ਰਾਪਤੀ ਉਤੇ ਵਧਾਈ ਦਿਤੀ ਹੈ।