ਗ੍ਰੀਸ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
ਦੋ ਮਹੀਨੇ ਪਹਿਲਾਂ ਹੀ ਗ੍ਰੀਸ ਗਿਆ ਸੀ ਮ੍ਰਿਤਕ ਨੌਜਵਾਨ
ਔੜ : ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰ ਕੇ ਲੱਖਾਂ ਪੰਜਾਬੀ ਨੌਜਵਾਨ ਅਪਣੇ ਰੁਜ਼ਗਾਰ ਲਈ ਵਿਦੇਸ਼ਾਂ ਵਿਚ ਧੱਕੇ ਖਾਣ ਲਈ ਮਜਬੂਰ ਹਨ। ਜਿਨ੍ਹਾਂ ’ਚੋਂ ਬਹੁਤਿਆਂ ਨੂੰ ਤਾਂ ਜਿਉਂਦੇ ਜੀਅ ਵਾਪਸ ਆਉਣਾ ਵੀ ਨਸੀਬ ਨਹੀਂ ਹੁੰਦਾ।
ਇਸੇ ਤਰ੍ਹਾਂ ਦਾ ਹੀ ਮਾਮਲਾ ਪਿੰਡ ਔੜ ਤੋਂ ਸਾਹਮਣੇ ਆਇਆ ਹੈ ਜਿਥੋਂ ਦੇ ਇਕ ਨੌਜਵਾਨ ਦੀ ਗ੍ਰੀਸ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਸ਼ਰਨ ਸਿੰਘ ਉਰਫ਼ ਮਾਣੀ (25) ਪੁੱਤਰ ਯੋਗਰਾਜ ਜੋ ਸਿਰਫ਼ ਦੋ ਮਹੀਨੇ ਪਹਿਲਾਂ ਹੀ ਅਪਣੀ ਰੋਜ਼ੀ-ਰੋਟੀ ਕਮਾਉਣ ਲਈ ਗ੍ਰੀਸ ਵਿਚ ਗਿਆ ਸੀ।
ਇਥੇ ਉਸ ਦੀ ਇਕ ਸੜਕ ਹਾਦਸੇ ਵਿਚ ਟਰਾਲੇ ਹੇਠਾਂ ਆਉਣ ਕਰ ਕੇ ਮੌਕੇ ’ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਸ਼ਰਨ ਅਜੇ ਕੁਆਰਾ ਸੀ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦੀ ਮ੍ਰਿਤਕ ਦੇਹ ਅੱਜ ਔੜ ਵਿਖੇ ਪਹੁੰਚੀ। ਮ੍ਰਿਤਕ ਗੁਰਸ਼ਨ ਦਾ ਅੱਜ ਔੜ ਦੇ ਸ਼ਮਸ਼ਾਨਘਾਟ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ ਹੈ। ਸਮੁੱਚੇ ਪਿੰਡ ਵਿਚ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਹੈ।