ਪਿਛਲੇ ਪੰਜ ਸਾਲਾਂ ‘ਚ ਕਿਰਨ ਖੇਰ ਕੋਲ ਵਧਿਆ 4 ਕਿਲੋ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਰਨ ਖੇਰ ਦੀ ਜਾਇਦਾਦ ਸਬੰਧੀ ਘੋਸ਼ਣਾ ਪੱਤਰ ਅਨੁਸਾਰ ਉਸ ਕੋਲ 16 ਕਿਲੋਗ੍ਰਾਮ ਸੋਨੇ ਦੇ ਗਹਿਣੇ ਹਨ।

Kirron kher

ਚੰਡੀਗੜ੍ਹ: ਲੋਕ ਸਭਾ ਸੀਟ ਚੰਡੀਗੜ੍ਹ ਤੋਂ ਮੌਜੂਦਾ ਸਾਂਸਦ ਅਤੇ ਭਾਜਪਾ ਉਮੀਦਵਾਰ ਕਿਰਨ ਖੇਰ ਨੇ 25 ਅਪ੍ਰੈਲ ਨੂੰ ਲੋਕ ਸਭਾ ਚੋਣਾਂ 2019 ਲਈ ਚੰਡੀਗੜ੍ਹ ਤੋਂ ਨਾਮਜ਼ਦਗੀ ਦਾਖਲ ਕੀਤੀ। ਨਾਮਜ਼ਦਗੀ ਦੌਰਾਨ ਕਿਰਨ ਖੇਰ ਨੇ ਆਪਣੀ ਜਾਇਦਾਦ ਸਬੰਧੀ ਵੇਰਵਾ ਦਿੱਤਾ। ਕਿਰਨ ਖੇਰ ਦੀ ਜਾਇਦਾਦ ਸਬੰਧੀ ਘੋਸ਼ਣਾ ਪੱਤਰ ਅਨੁਸਾਰ ਉਸ ਕੋਲ 16 ਕਿਲੋਗ੍ਰਾਮ ਸੋਨੇ ਦੇ ਗਹਿਣੇ ਹਨ ਜਿਨ੍ਹਾਂ ਵਿਚੋਂ 4 ਕਿਲੋਗ੍ਰਾਮ ਸੋਨੇ ਦਾ ਵਾਧਾ ਪਿਛਲੇ ਪੰਜ ਸਾਲਾਂ ਦੌਰਾਨ ਹੋਇਆ ਹੈ।

ਕਿਰਨ ਖੇਰ ਵੱਲੋਂ ਲੋਕ ਸਭਾ ਚੋਣਾਂ 2014 ਦੌਰਾਨ ਦਿੱਤੀ ਗਈ ਘੋਸ਼ਣਾ ਅਨੁਸਾਰ ਉਸ ਕੋਲ 12 ਕਿਲੋਗ੍ਰਾਮ ਸੋਨੇ ਦੇ ਗਹਿਣੇ ਅਤੇ 8 ਕਿਲੋ ਚਾਂਦੀ ਦੇ ਗਹਿਣੇ ਸਨ ਜਿਨ੍ਹਾਂ ਦੀ ਬਜ਼ਾਰੀ ਕੀਮਤ ਉਸ ਸਮੇਂ 3.74 ਕਰੋੜ ਸੀ। ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਕਿਰਨ ਖੇਰ ਨੇ ਅਪਣੀ ਕੁਲ ਜਾਇਦਾਦ 7.69 ਕਰੋੜ ਰੁਪਏ ਦਰਸਾਈ ਸੀ ਅਤੇ ਇਸ ਵਾਰ ਉਸਦੀ ਜਾਇਦਾਦ 9.28 ਕਰੋੜ ਵਧ ਕੇ 16.97 ਕਰੋੜ ਹੋ ਗਈ ਹੈ। ਪਿਛਲੀਆਂ ਲੋਕ ਸਭਾ ਚੋਣਾਂ ਮੁਕਾਬਲੇ ਕਿਰਨ ਖੇਰ ਦੀ ਨਿੱਜੀ ਜਾਇਦਾਦ ਵਿਚ ਕਾਫੀ ਵਾਧਾ ਹੋਇਆ ਹੈ।

ਦੱਸ ਦਈਏ ਕਿ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਕੋਲ 16.61 ਕਰੋੜ ਰੁਪਏ ਦੀ ਜਾਇਦਾਦ ਹੈ ਜਦਕਿ ਕਿਰਨ ਖੇਰ ਕੋਲ ਕੁੱਲ 30.88 ਕਰੋੜ ਰੁਪਏ ਦੀ ਜਾਇਦਾਦ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ 2019 ਦੌਰਾਨ ਭਾਜਪਾ ਨੇ ਕਿਰਨ ਖੇਰ ਨੂੰ ਦੂਜੀ ਵਾਰ ਉਮੀਦਵਾਰ ਐਲਾਨਿਆ ਹੈ। ਚੰਡੀਗੜ੍ਹ ਲੋਕ ਸਭਾ ਸੀਟ ਤੋਂ ਇਸ ਵਾਰ ਕਿਰਨ ਖੇਰ ਦਾ ਮੁਕਾਬਲਾ ਕਾਂਗਰਸ ਦੇ ਸੀਨੀਅਰ ਨੇਤਾ ਪਵਨ ਕੁਮਾਰ ਬਾਂਸਲ ਨਾਲ ਹੋਵੇਗਾ।