ਇਟਲੀ 'ਚ ਪੰਜਾਬੀ ਨੌਜਵਾਨ ਲਾਪਤਾ, 23 ਜੂਨ ਤੋਂ ਘਰ ਨਹੀਂ ਪਰਤਿਆ ਜਗਵੀਰ ਸਿੰਘ  

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਬੀਤੀ 23 ਜੂਨ ਤੋਂ ਘਰ ਨਹੀਂ ਆਇਆ ਨੌਜਵਾਨ

Jagveer Singh

ਰੋਮ : ਚੰਗੇ ਭਵਿੱਖ ਲਈ ਇਟਲੀ ਗਿਆ ਪੰਜਾਬ ਦਾ ਨੌਜਵਾਨ 23 ਜੂਨ ਤੋਂ ਲਾਪਤਾ ਹੈ। ਨੌਜਵਾਨ ਜਗਵੀਰ ਸਿੰਘ (27) ਪੁੱਤਰ ਸਵ. ਪਰਮਜੀਤ ਸਿੰਘ ਪਿੰਡ ਭਾਰ ਸਿੰਘਪੁਰਾ (ਜਲੰਧਰ) ਅਕਤੂਬਰ 2022 ਵਿਚ ਹੀ ਇਟਲੀ ਆਇਆ ਸੀ। ਇਟਲੀ ਆ ਕੇ ਇਹ ਨੌਜਵਾਨ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਕਿ ਅਚਾਨਕ ਬੀਤੀ 23 ਜੂਨ ਨੂੰ ਘਰ ਨਾ ਆਇਆ। 

ਜਗਵੀਰ ਸਿੰਘ ਦੀ ਮਾਸੀ ਦੀ ਕੁੜੀ ਨੇ ਦੱਸਿਆ ਕਿ ਜਗਵੀਰ ਸਿੰਘ ਆਪਣੇ ਜੀਜੇ ਗੁਰਪ੍ਰੀਤ ਸਿੰਘ ਕੋਲ ਬੇਲਾਫਾਰਨੀਆਂ ਹੀ ਰਹਿੰਦਾ ਸੀ ਤੇ ਉੱਥੋਂ ਹੀ ਹਰ ਰੋਜ਼ ਸਾਈਕਲ 'ਤੇ ਸਵੇਰੇ-ਸ਼ਾਮ ਕੰਮਕਾਰ 'ਤੇ ਆਉਂਦਾ-ਜਾਂਦਾ ਸੀ ਪਰ 23 ਜੂਨ ਨੂੰ ਘਰ ਨਹੀਂ ਆਇਆ। ਗੁਰਪ੍ਰੀਤ ਸਿੰਘ ਜੋ ਜਗਵੀਰ ਸਿੰਘ ਦਾ ਜੀਜਾ ਹੈ, ਉਸ ਨੇ ਕਾਫ਼ੀ ਦੌੜ-ਭੱਜ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਜਗਵੀਰ ਸਿੰਘ ਦੇ ਲਾਪਤਾ ਹੋਣ ਦੀ ਉਨ੍ਹਾਂ ਬੋਰਗੋ ਗਰਾਪੇ ਪੁਲਿਸ ਸਟੇਸ਼ਨ ਵਿਚ ਰਿਪੋਰਟ ਵੀ ਦਰਜ ਕਰਵਾਈ ਹੈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। 

ਇਸ ਘਟਨਾ ਦਾ ਜਦੋਂ ਜਗਵੀਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਤੇ ਭੈਣਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਲਾਪਤਾ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਮੀਡੀਆ ਰਾਹੀਂ ਇਟਲੀ ਦੇ ਭਾਰਤੀ ਭਾਈਚਾਰੇ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਹ ਜਗਵੀਰ ਸਿੰਘ ਨੂੰ ਲੱਭਣ ਵਿਚ ਮਦਦ ਕਰਨ ਤਾਂ ਜੋ ਪਰਿਵਾਰ ਦੇ ਇਕੋ-ਇਕ ਸਹਾਰੇ ਨੂੰ ਸਹੀ-ਸਲਾਮਤ ਘਰ ਲਿਆਂਦਾ ਜਾ ਸਕੇ ਕਿਉਂਕਿ ਘਰ ਵਿੱਚ ਉਸ ਦੀ ਮਾਂ ਤੇ 2 ਭੈਣਾਂ ਦਾ ਉਸ ਤੋਂ ਬਿਨਾਂ ਕੋਈ ਨਹੀਂ ਹੈ।