ਅਮਰੀਕਾ : ਸੈਕਰਾਮੈਂਟੋ ’ਚ ਹਿੰਦੂ-ਸਿੱਖ ਏਕਤਾ ਪ੍ਰੋਗਰਾਮ ਕਰਵਾਇਆ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਹਿੰਦੂ, ਸਿੱਖ ਅਤੇ ਹੋਰ ਭਾਈਚਾਰਿਆਂ ਦੇ 200 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ

America: Hindu-Sikh unity program organized in Sacramento

ਵਾਸ਼ਿੰਗਟਨ : ਕੈਨੇਡਾ ਵਿਚ ਇਕ ਹਿੰਦੂ ਮੰਦਰ ’ਤੇ ਕਥਿਤ ਵਖਵਾਦੀਆਂ ਦੁਆਰਾ ਹਮਲਾ ਕੀਤੇ ਜਾਣ ਤੋਂ ਕੁੱਝ ਦਿਨ ਬਾਅਦ ਸਿਲੀਕਾਨ ਵੈਲੀ ਵਿਚ ਭਾਰਤੀ-ਅਮਰੀਕੀਆਂ ਨੇ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ‘ਹਿੰਦੂ-ਸਿੱਖ ਏਕਤਾ ਇੰਟਰਫ਼ੇਥ’ ਸਮਾਗਮ ਕਰਵਾਇਆ ਗਿਆ। ਸਿਲੀਕਾਨ ਵੈਲੀ ਦੇ ਸੈਕਰਾਮੈਂਟੋ ਦੇ ਗੁਰਦੁਆਰਾ ਸੰਤ ਨਗਰ ਵਲੋਂ ਕਰਵਾਏ ਸਮਾਗਮ ਵਿਚ ਹਿੰਦੂ, ਸਿੱਖ ਅਤੇ ਹੋਰ ਭਾਈਚਾਰਿਆਂ ਦੇ 200 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿਚ ਐਲਕ ਗਰੋਵ ਦੇ ਮੇਅਰ ਬੌਬੀ ਸਿੰਘ-ਐਲਨ, ਐਲਕ ਗਰੋਵ ਸਿਟੀ ਕਮਿਸ਼ਨਰ ਭਾਵਿਨ ਪਾਰਿਖ, ਰੌਕਲਿਨ ਸਿਟੀ ਕੌਂਸਲ ਮੈਂਬਰ ਜਿਲ ਗੈਲਡੋ, ਐਲਕ ਗਰੋਵ ਦੇ ਵਾਈਸ ਮੇਅਰ ਰੋਡ ਬਰੂਅਰ ਅਤੇ ਸੈਕਰਾਮੈਂਟੋ ਇੰਟਰਫੇਥ ਕੌਂਸਲ ਮੈਂਬਰ ਅਕਰਮ ਕੇਵਲ ਹਾਜ਼ਰ ਸਨ।

ਸਿੰਘ-ਐਲਨ ਨੇ ਪ੍ਰੋਗਰਾਮ ਦੌਰਾਨ ਕਿਹਾ,‘‘ਧਾਰਮਕ ਅਸਹਿਣਸ਼ੀਲਤਾ ਸਾਡੇ ਸਮਾਜ ਨੂੰ ਪਲੀਤ ਕਰ ਰਹੀ ਹੈ। ਕੁੱਝ ਲੋਕ ਸਾਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਾਨੂੰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ। ਅਸੀਂ ਇਥੇ ਏਕਤਾ ਮਨਾਉਣ ਲਈ ਇਕੱਠੇ ਹੋਏ ਹਾਂ। ਇਹ ਤਾਂ ਸ਼ੁਰੂਆਤ ਹੈ, ਸਾਨੂੰ ਬਿਹਤਰ ਰਾਹ ਦਿਖਾਉਣਾ ਹੋਵੇਗਾ। ਇਕ ’ਤੇ ਹਮਲਾ ਸਾਡੇ ਸਾਰਿਆਂ ’ਤੇ ਹਮਲਾ ਹੈ।’’ 

ਸੰਤ ਨਗਰ ਗੁਰਦੁਆਰੇ ਦੇ ਪ੍ਰਧਾਨ ਨਰਿੰਦਰਪਾਲ ਹੁੰਦਲ ਨੇ ਅਪਣੇ ਭਾਸ਼ਣ ਵਿਚ ਕਿਹਾ ਕਿ,‘‘ਸਾਨੂੰ ਸਾਰਿਆਂ ਨੂੰ ਏਕਤਾ ਦੇ ਸੰਦੇਸ਼ ਨੂੰ ਕਾਇਮ ਰੱਖਣਾ ਚਾਹੀਦਾ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰਖਿਆ ਲਈ ਅਪਣਾ ਬਲਿਦਾਨ ਦੇ ਕੇ ਦਿਤਾ ਸੀ ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਇਸ ਮਿਸ਼ਨ ਨੂੰ ਅੱਗੇ ਲਿਜਾਣ ਲਈ ਯਤਨ ਕਰਨੇ ਚਾਹੀਦੇ ਹਨ।’’ 

ਸ਼੍ਰੀਨਗਰ ਵਿਚ ਜਨਮੇ ਅਤੇ ਅਮਰੀਕਾ ਵਿਚ ਰਹਿ ਰਹੇ ਕਸ਼ਮੀਰੀ ਪੰਡਤ ਰੀਵਾ ਕੌਲ ਦਸਦੇ ਹਨ ਕਿ ਕਿਵੇਂ ਗੁਰੂ ਤੇਗ਼ ਬਹਾਦਰ ਦੀ ਕੁਰਬਾਨੀ ਨੇ ਕਸ਼ਮੀਰੀ ਪੰਡਤਾਂ ਅਤੇ ਹਿੰਦੂਆਂ ਦੀ ਧਾਰਮਕ ਆਜ਼ਾਦੀ ਦੀ ਰਖਿਆ ਕੀਤੀ, ਜਿਨ੍ਹਾਂ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਸ਼ਾਸਨ ਦੇ ਅਧੀਨ ਬੇਰਹਿਮੀ ਨਾਲ ਜ਼ੁਲਮ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਹਾਜ਼ਰ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ।