ਬਰਤਾਨੀਆਂ ਦੇ ਰਖਿਆ ਮੰਤਰਾਲੇ ਨੇ ਪੰਜਾਬ ਪੁਲਿਸ ਦੇ ਦੋਸ਼ ਰੱਦ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਿਹਾ, ਜਗਜੀਤ ਸਿੰਘ ਨਾਂ ਦਾ ਕੋਈ ਫ਼ੌਜੀ ਬਰਤਾਨਵੀ ਫ਼ੌਜ ’ਚ ਨਹੀਂ

British Ministry of Defense rejected the allegations of Punjab Police

ਚੰਡੀਗੜ੍ਹ : ਪੰਜਾਬ ਪੁਲਿਸ ਵਲੋਂ ਖ਼ਾਲਿਸਤਾਨੀ ਖਾੜਕੂ ਮਾਡਿਊਲ ਨੂੰ ਲੈ ਕੇ ਕੀਤੇ ਇਕ ਵੱਡੇ ਪ੍ਰਗਟਾਵੇ ਬਾਰੇ ਬਰਤਾਨੀਆਂ ਦੀ ਫ਼ੌਜ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਕਲ ਕਿਹਾ ਸੀ ਕਿ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਮੁਖੀ ਅਤੇ ਪਾਕਿਸਤਾਨ ’ਚ ਰਹਿ ਰਹੇ ਰਣਜੀਤ ਸਿੰਘ ਨੀਟਾ ਵਲੋਂ ਕੰਟਰੋਲ ਕੀਤੇ ਜਾਂਦੇ ਖਾੜਕੂ ‘ਮਾਡਿਊਲ’ ਦੀ ਜਾਂਚ ਦੌਰਾਨ ਇਕ ਬਰਤਾਨਵੀ ਸਿੱਖ ਫ਼ੌਜੀ, ਜਗਜੀਤ ਸਿੰਘ, ਬਾਰੇ ਸੁਰਾਗ ਮਿਲਿਆ ਹੈ। ਸ਼ੱਕ ਹੈ ਕਿ ਸੂਬਾ ਪੁਲਿਸ ਥਾਣਿਆਂ ’ਚ ਪਿੱਛੇ ਜਿਹੇ ਹੋਏ ਗ੍ਰੇਨੇਡ ਹਮਲਿਆਂ ਪਿੱਛੇ ਇਸੇ ਬਰਤਾਨਵੀ ਸਿੱਖ ਫ਼ੌਜੀ ਦਾ ਹੱਥ ਹੈ। 

 ਹਾਲਾਂਕਿ ਬਰਤਾਨੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਇਸ ਨਾਂ ਦਾ ਕੋਈ ਵਿਅਕਤੀ ਇਸ ਵੇਲੇ ਬਰਤਾਨਵੀ ਫੌਜ ’ਚ ਸੇਵਾ ਨਹੀਂ ਕਰ ਰਿਹਾ ਹੈ। ਪਰ ਡੀ.ਜੀ.ਪੀ. ਨੇ ਅਪਣੀ ਜਾਂਚ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਮਾਮਲਾ ਬ੍ਰਿਟਿਸ਼ ਅਧਿਕਾਰੀਆਂ ਨਾਲ ‘ਉਚਿਤ ਚੈਨਲਾਂ’ ਜ਼ਰੀਏ ਚੁਕਿਆ ਜਾਵੇਗਾ।

ਬਰਤਾਨਵੀ ਰਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਸ ਬਾਰੇ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨਾਲ ਅਜੇ ਤਕ ਸੰਪਰਕ ਨਹੀਂ ਕੀਤਾ ਹੈ। ਮੰਤਰਾਲੇ ਦੇ ਬੁਲਾਰੇ ਰਿਆਨ ਸ਼ਿੱਲਾਬੀਰ ਨੇ ਪੰਜਾਬ ਪੁਲਿਸ ਵਲੋਂ ਜਾਰੀ ਤਸਵੀਰ ’ਤੇ ਵੀ ਸਵਾਲ ਚੁਕਿਆ ਅਤੇ ਕਿਹਾ ਕਿ ਇਹ ਤਸਵੀਰ ਕਿਸੇ ਹੋਰ ਬ੍ਰਿਟਿਸ਼ ਫ਼ੌਜੀ ਦੀ ਹੈ, ਜਿਸ ਦਾ ਨਾਂ ਜਗਜੀਤ ਸਿੰਘ ਨਹੀਂ ਹੈ।