ਪ੍ਰਵਾਸੀ ਭਾਈਚਾਰਾ ਭਾਰਤ-ਅਮਰੀਕਾ ਸਬੰਧਾਂ ਦਾ ਮਹੱਤਵਪੂਰਨ ਥੰਮ ਹੈ : ਭਾਰਤੀ ਰਾਜਦੂਤ
‘ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਭਾਈਚਾਰੇ ਦੀ ਮਜ਼ਬੂਤੀ ਦਾ ਪ੍ਰਮਾਣ ਵੀ ਹੈ।’
ਵਾਸ਼ਿੰਗਟਨ - ਭਾਰਤ ਸਰਕਾਰ ਵੱਲੋਂ ਤਿੰਨ ਉੱਘੇ ਭਾਰਤੀ-ਅਮਰੀਕੀਆਂ ਨੂੰ ਪਦਮ ਭੂਸ਼ਣ ਨਾਗਰਿਕ ਪੁਰਸਕਾਰ ਦੇਣ ਦੇ ਐਲਾਨ ਤੋਂ ਇਕ ਦਿਨ ਬਾਅਦ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀ ਪ੍ਰਵਾਸੀਆਂ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਸ ਦੌਰਾਨ ਚੋਟੀ ਦੇ ਅਮਰੀਕੀ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ 73ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ 130 ਕਰੋੜ ਭਾਰਤੀਆਂ ਅਤੇ ਦੁਨੀਆ ਭਰ ਵਿਚ ਫੈਲੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਭਾਰਤ ਦੇ 73ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਆਯੋਜਿਤ ਇਕ ਡਿਜੀਟਲ ਈਵੈਂਟ ਵਿਚ ਸੰਧੂ ਨੇ ਕਿਹਾ, ‘ਪ੍ਰਵਾਸੀ ਭਾਰਤੀ ਭਾਈਚਾਰਾ ਸਬੰਧਾਂ ਦਾ ਇਕ ਮਹੱਤਵਪੂਰਨ ਥੰਮ ਰਿਹਾ ਹੈ, ਜੋ ਵੱਖ-ਵੱਖ ਖੇਤਰਾਂ ਵਿਚ ਆਪਣੀਆਂ ਪ੍ਰਾਪਤੀਆਂ ਰਾਹੀਂ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਭਾਰਤ ਦੀ ਵਿਕਾਸ ਯਾਤਰਾ ਵਿਚ ਯੋਗਦਾਨ ਦਿੰਦਾ ਹੈ।’
ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਮਾਰੋਹ ਵਿਚ ਸ਼ਾਮਲ ਹੋਏ ਹਜ਼ਾਰਾਂ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਇਸ ਸਾਲ 3 ਪ੍ਰਸਿੱਧ ਪ੍ਰਵਾਸੀ ਮੈਂਬਰਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿਚ ਭਾਰਤ ਦੇ ਪਕਵਾਨਾਂ ਨੂੰ ਹਰਮਨ ਪਿਆਰਾ ਬਣਾਉਣ ਵਾਲੀ ਮਧੂ ਜਾਫਰੀ ਅਤੇ ਤਕਨਾਲੋਜੀ ਦੇ ਖੇਤਰ ਵਿਚ ਅਗਵਾਈ ਕਰਨ ਵਾਲੇ ਸੱਤਿਆ ਨਡੇਲਾ ਅਤੇ ਸੁੰਦਰ ਪਿਚਾਈ ਸ਼ਾਮਲ ਹਨ। ਸੰਧੂ ਨੇ ਕਿਹਾ, ‘ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਭਾਈਚਾਰੇ ਦੀ ਮਜ਼ਬੂਤੀ ਦਾ ਪ੍ਰਮਾਣ ਵੀ ਹੈ।’