ਫ਼ਰੈਂਕਫ਼ੋਰਟ (ਜਰਮਨੀ) ਦੀਆਂ ਚੋਣਾਂ ਵਿਚ ਜੇਤੂ ਰਹੇ ਪੰਜਾਬੀ ਸਿੱਖ ਨਰਿੰਦਰ ਸਿੰਘ ਘੋਤੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਹਿਲੇ ਸਿੱਖ ਵਜੋਂ ਕਰਨਗੇ ਨੁਮਾਇੰਦਗੀ

Punjabi Sikh Narinder Singh Ghotra

ਖਾਲੜਾ/ਪੱਟੀ (ਗੁਰਪ੍ਰੀਤ ਸਿੰਘ ਸ਼ੈਡੀ, ਅਜੀਤ ਸਿੰਘ ਘਰਿਆਲਾ): ਪੰਜਾਬੀ ਜਿਥੇ ਵੀ ਜਾਂਦੇ ਨੇ, ਉਥੇ ਹੀ ਅਪਣੀ ਸਖ਼ਤ ਮਿਹਨਤ ਅਤੇ ਘਾਲਣਾ ਦੇ ਨਾਲ ਕਾਮਯਾਬੀ ਦੇ ਝੰਡੇ ਗੱਡਦੇ ਹਨ ਭਾਵੇਂ ਉਹ ਧਾਰਮਕ ਖੇਤਰ ਹੋਵੇ ਆਰਥਕ ਜਾਂ ਫਿਰ ਰਾਜਨੀਤਿਕ ਅਜਿਹੀ ਹੀ ਮਿਸਾਲ ਪੈਦਾ ਕੀਤੀ ਹੈ। ਯੂਰਪ ਦੇ ਦੇਸ਼ ਜਰਮਨੀ ਦੇ ਸ਼ਹਿਰ ਫ਼ਰੈਂਕਫ਼ੋਰਟ (ਸਟੇਟ ਹੈਸਨ) ਵਿਖੇ, ਇਥੇ ਜਰਮਨੀ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਏਨੀ ਵੱਡੀ ਗਿਣਤੀ ’ਚ ਪੰਜਾਬੀਆਂ ਨੇ ਰਾਜਨੀਤੀ ਵਿਚ ਅਪਣਾ ਪੈਰ ਧਰ ਕੇ ਸ਼ੁਰੂਆਤ ਕੀਤੀ। ਜਰਮਨੀ ਦੇ ਵੱਖ-ਵੱਖ ਰਾਜਾਂ ’ਚ ਹੋਈਆਂ ਚੋਣਾਂ ’ਚ ਵੱਡੀ ਗਿਣਤੀ ’ਚ ਭਾਰਤੀ ਮੂਲ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਵਿਦੇਸ਼ੀ ਸਿਟੀ ਕੌਂਸਲ ਤੋਂ ਲੈ ਕੇ ਮਿਊਸੀਪਲ ਦੀਆਂ ਕਈਆਂ ਸੀਟਾਂ ’ਤੇ ਜਿੱਤ ਵੀ ਪ੍ਰਾਪਤ ਕੀਤੀ।

ਜਰਮਨੀ ਦੇ ਵੱਖ-ਵੱਖ ਸ਼ਹਿਰਾਂ ’ਚ ਹੋਈਆਂ ਚੋਣਾਂ ’ਚ ਜਿੱਥੇ ਫ਼ਰੈਂਕਫ਼ੋਰਟ ਦੇ ਜਾਣੇ ਪਹਿਚਾਣੇ ਗੁਰਸਿੱਖ ਅੰਮ੍ਰਿਤਧਾਰੀ ਵੀਰ ਨਰਿੰਦਰ ਸਿੰਘ ਘੋਤੜਾ ਜੋ ਕਿ ਪੰਜਾਬ ਜਲੰਧਰ ਸ਼ਹਿਰ ਦੇ ਨਿਵਾਸੀ ਹਨ ਨੇ ਵੱਡੀ ਲੀਂਡ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ। ਨਰਿੰਦਰ ਸਿੰਘ ਗੁਰਦੁਆਰਾ ਸਿੱਖ ਸੈਂਟਰ ਫ਼ਰੈਂਕਫ਼ੋਰਟ ਜਰਮਨੀ ਨਾਲ 35-40 ਤੋਂ ਸਾਲ ਜੁੜੇ ਹੋਏ ਹਨ ਅਤੇ ਲੰਮੇ ਸਮੇ ਤੋਂ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਰਹੇ ਹਨ। ਪੰਜਾਬੀ ਸਿੱਖ ਭਾਈਚਾਰੇ ਦੇ ਨਰਿੰਦਰ ਸਿੰਘ ਦੇ ਚੋਣ ਮੈਦਾਨ ਵਿਚ ਆਉਣ ਨਾਲ ਵਿਰੋਧੀਆਂ ਦੇ ਵੱਡੇ-ਵੱਡੇ ਨੇਤਾ ਚੋਣ ਹਾਰ ਗਏ ਹਨ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਫ਼ਰੈਂਕਫ਼ੋਰਟ ਸ਼ਹਿਰ ਜਰਮਨੀ ਦਾ ਮੁੱਖ ਵਪਾਰਕ ਕੇਂਦਰ ਹੈ ਅਤੇ ਜਰਮਨੀ ਦੀ ਰਾਜਨੀਤੀ ਵਿਚ ਇਸ ਸ਼ਹਿਰ ਦੀ ਵਿਸ਼ੇਸ਼ ਥਾਂ ਹੈ।

ਇਸੇ ਤਰ੍ਹਾਂ ਨਿਰਮਲ ਸਿੰਘ ਹੰਸਪਾਲ ਨੇ ਮਾਰਬੁਰਗ ਸ਼ਹਿਰ ਤੋਂ ਜਿੱਤ ਪ੍ਰਾਪਤ ਕੀਤੀ ਹੈ। ਨੌਜਵਾਨ ਬੱਚੀ ਹਰਪ੍ਰੀਤ ਕੌਰ ਨੇ ਸ਼ਹਿਰ ਕੈਲਕਹਾਇਮ ਦੀਆਂ ਵਿਦੇਸ਼ੀ ਕੌਂਸਲ ਦੀਆਂ ਚੋਣਾਂ ’ਚ ਜਿੱਤ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬੀ ਭਾਈਚਾਰੇ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਆਸ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਪੰਜਾਬੀ ਹੋਰ ਵੀ ਵੱਧ ਚੜ੍ਹ ਕੇ ਜਰਮਨੀ ਦੀ ਰਾਜਨੀਤੀ ’ਚ ਭਾਗ ਲੈਣਗੇ। ਇਸ ਜਿੱਤ ਨਾਲ ਪੰਜਾਬੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਸੱਭ ਪਾਸੇ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਉਮੀਦ ਵਾਰਾਂ ਨੂੰ ਸੋਸ਼ਲ ਮੀਡੀਆ ਅਤੇ ਹੋਰ ਤਰੀਕਿਆਂ ਦੇ ਨਾਲ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ।