ਅਮਰੀਕਾ 'ਚ ਵਾਪਰਿਆ ਦਰਦਨਾਕ ਹਾਦਸਾ, ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ
ਤਿੰਨੋਂ ਨੌਜਵਾਨ ਪ੍ਰਸਿੱਧ ਬਾਸਕਟਬਾਲ ਦੇ ਖਿਡਾਰੀ ਸਨ
ਜਲੰਧਰ: ਪਿਛਲੇ ਹਫਤੇ ਅਮਰੀਕਾ ’ਚ ਸੜਕ ਹਾਦਸੇ ’ਚ 3 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ। ਤਿੰਨੋਂ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਸਨ। ਜਿਹਨਾਂ ਵਿਚੋਂ ਦੋ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਸਨ।
ਇਹ ਨੌਜਵਾਨ ਪ੍ਰਸਿੱਧ ਬਾਸਕਟਬਾਲ ਦੇ ਖਿਡਾਰੀ ਦੱਸੇ ਜਾ ਰਹੇ ਹਨ। ਸੂਤਰਾਂ ਅਨੁਸਾਰ ਜੋ ਕਿ ਨਿਊਯਾਰਕ ਤੋਂ ਨਿਊ ਜਰਸੀ ਵਿਖੇ ਸਿੱਖ ਹੂਪ ਲਈ ਹਿੱਕਸਵੈਲ ਨਿਊਯਾਰਕ ਲਈ ਹੋਣ ਵਾਲੇ ਮੈਚ ਵਿਚ ਸ਼ਾਮਲ ਹੋਣ ਲਈ ਘਰਾਂ ਤੋਂ ਚੱਲੇ ਹੋਏ ਸਨ ਕਿ ਰਾਹ ਵਿਚ ਉਨ੍ਹਾਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਤੇ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ।
ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਬੇਵਕਤੀ ਵਿਛੋੜੇ ਕਾਰਨ ਪੰਜਾਬੀ ਭਾਈਚਾਰਾ ਡੂੰਘੇ ਗ਼ਮ ’ਚ ਚਲਾ ਗਿਆ ਹੈ ਤੇ ਸਭ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਮੌਤ ’ਤੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਪੁਨੀਤ ਸਿੰਘ ਨਿੱਝਰ ਪੁੱਤਰ ਜਸਬੀਰ ਸਿੰਘ ਜੱਸੀ ਵਾਸੀ ਪਿੰਡ ਨਿੱਝਰਾਂ, ਜ਼ਿਲ੍ਹਾ ਜਲੰਧਰ, ਅਮਰਜੀਤ ਸਿੰਘ ਗਿੱਲ ਵਾਸੀ ਪਿੰਡ ਮੁਰੀਦਵਾਲ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਅਤੇ ਤੀਜੇ ਨੌਜਵਾਨ ਦੀ ਹਰਪਾਲ ਸਿੰਘ ਮੁਲਤਾਨੀ ਵਜੋਂ ਹੋਈ ਹੈ।