Rampura Phul News: ਰਾਮਪੁਰਾ ਫੂਲ ਦੇ ਅਮਰਿੰਦਰ ਖਿੱਪਲ ਨੇ ਨਿਊਜ਼ੀਲੈਂਡ ’ਚ ਪੰਜਾਬ ਦਾ ਮਾਣ ਵਧਾਇਆ
ਬਾਖੂਬੀ ਸੇਵਾਵਾਂ ਕਾਰਨ ਵਿਦੇਸ਼ੀ ਮੀਡੀਆ ਦੀਆਂ ਸੁਰਖੀਆਂ ਵਿਚ ਆਏ
Amarinder Khipal made Punjab proud in New Zealand: ਮਿਹਨਤ ਅੱਗੇ ਹੱਦਾਂ ਸਰਹੱਦਾਂ ਵੀ ਰੁਕਾਵਟ ਨਹੀਂ ਬਣ ਸਕਦੀਆਂ ਹਨ। ਇਸ ਕਹਾਵਤ ਨੂੰ ਇਥੋਂ ਦੇ ਖਿੱਪਲ ਪਰਵਾਰ ਦੇ ਹੋਣਹਾਰ ਨੌਜਵਾਨ ਅਮਰਿੰਦਰ ਸਿੰਘ ਨੇ ਵਿਦੇਸ਼ੀ ਧਰਤੀ ’ਤੇ ਜਾ ਕੇ ਸੱਚ ਕਰ ਵਿਖਾਇਆ ਹੈ, ਜਿਸ ਕਾਰਨ ਅਪਣੀ ਕਾਬਲੀਅਤ ਸਦਕਾ ‘ਖਿੱਪਲ’ ਅੱਜ-ਕਲ ਵਿਦੇਸ਼ੀ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਹੈ। ਰਾਮਪੁਰਾ ਫੂਲ (ਬਠਿੰਡਾ) ਦੇ ਭਾਰਤੀਆ ਮਾਡਲ ਸਕੂਲ ਤੋਂ ਦਸਵੀਂ ਬਾਰ੍ਹਵੀਂ ਤੇ ਗਰੈਜੂਏਸ਼ਨ ਤੋਂ ਬਾਅਦ ਫ਼ਤਿਹਗੜ੍ਹ ਸਾਹਿਬ ਤੋਂ ਅੰਤਰਰਾਸ਼ਟਰੀ ਬਿਜਨਸ ਵਿਚ ਐਮਬੀਏ ਕਰ ਕੇ ਪਰਵਾਰ ਸਮੇਤ ਹੈਮਿਲਟਨ (ਨਿਊਜ਼ੀਲੈਂਡ) ਜਾ ਵਸੇ ਅਮਰਿੰਦਰ ਨੇ ਮਿਹਨਤ ਮੁਸ਼ੱਕਤ ਨੂੰ ਤਰਜੀਹ ਦਿਤੀ। ਪੁਲਿਸ ਵਿਭਾਗ ਵਿਚ ਬਤੌਰ ਕਸਟੱਡੀ ਅਫ਼ਸਰ ਪਦ ਉੱਨਤ ਹੋ ਕੇ ਬਾਖੂਬੀ ਸੇਵਾਵਾਂ ਦਿਤੀਆਂ ਤਾਂ ਉਥੋਂ ਦੀਆਂ ਅਖ਼ਬਾਰਾਂ ਵਿਚ ਅਮਰਿੰਦਰ ਖਿੱਪਲ ਦਾ ਨਾਮ ਚਮਕਿਆ।
ਇਹ ਵੀ ਪੜ੍ਹੋ: Sangrur News: ਸੰਗਰੂਰ 'ਚ ਖੇਤਾਂ ’ਚ ਕੰਮ ਕਰ ਰਹੇ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ
ਜਾਣਕਾਰੀ ਅਨੁਸਾਰ ਬਤੌਰ ਕਸਟੱਡੀ ਅਫ਼ਸਰ ਇਸ ਪੰਜਾਬੀ ਨੌਜਵਾਨ ਨੇ ਅਪਰਾਧ ਨਾਲ ਜੁੜੇ ਵਿਅਕਤੀਆਂ ਦੀ ਅਜਿਹੀ ਕੌਂਸਲਿੰਗ ਕੀਤੀ ਕਿ ਉਨ੍ਹਾਂ ਅਪਰਾਧ ਦੀ ਕੜੀ ਤੋੜਨ ਦਾ ਕੰਮ ਕੀਤਾ। ਅਮਰਿੰਦਰ ਉਕਤ ਕੰਮ ਅਪਣੇ ਗੁਰੂਆਂ ਦੀ ਸਿਖਿਆ ‘ਸਰਬੱਤ ਦਾ ਭਲਾ’ ਨੂੰ ਲੜ ਬੰਨ੍ਹ ਉਥੋਂ ਦੇ ਕਥਿਤ ਮੁਲਜ਼ਮਾਂ ਦੇ ਪਰਵਾਰ, ਵਪਾਰ ਤੇ ਕੰਮਕਾਜ ਆਦਿ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕਾਊਂਸਲਿੰਗ ਕਰਦਾ ਹੈ। ਨਤੀਜੇ ਸਾਰਥਕ ਆਉਣ ਲੱਗੇ ਤਾਂ ਨਿਊਜ਼ੀਲੈਂਡ ਦੀਆਂ ਅਖ਼ਬਾਰਾਂ ਵਿਚ ਪੰਜਾਬੀ ਨੌਜਵਾਨ ਸੁਰਖੀਆਂ ਵਿਚ ਆਇਆ।
ਇਹ ਵੀ ਪੜ੍ਹੋ: Punjab Firecrackers News: ਪੰਜਾਬ 'ਚ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਗਰੀਨ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ
ਨਤੀਜਨ, ਅਮਰਿੰਦਰ ਸਿੰਘ ਨਿਊਜੀਲੈਂਡ ਵਿਖੇ ਅਪਣੀ ਪਤਨੀ ਤੇ ਬੱਚਿਆਂ ਸਮੇਤ ਅਪਣੀ ਮਾਤਾ ਪਰਮਜੀਤ ਕੌਰ (ਸੇਵਾਮੁਕਤ ਬੈਂਕ ਮੈਨੇਜਰ) ਤੇ ਭਰਾ ਬਲਜਿੰਦਰ ਸਿੰਘ ਖਿੱਪਲ ਨਾਲ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ। ਅਸਲ ਵਿਚ ਬਚਪਨ ਵਿਚ ਆਰਮੀ ਅਫ਼ਸਰ ਬਣਨ ਦੀ ਤਾਂਘ ਹੀ ਉਸ ਨੂੰ ਵਿਦੇਸ਼ੀ ਧਰਤੀ ’ਤੇ ਪੁਲਿਸ ਵਿਭਾਗ ਵਿਚ ਖਿੱਚ ਲਿਆਈ। ਉਸ ਦੀ ਇਸ ਪ੍ਰਾਪਤੀ ਤੋਂ ਰਾਮਪੁਰਾ ਫੂਲ ਤੋਂ ਉਸ ਦਾ ਮਾਮਾ ਪਰਵਾਰ (ਚਾਉਕੇ ਜਵੈਲਰਜ਼) ਤੇ ਦੋਸਤ-ਮਿੱਤਰ ਮਾਣ ਮਹਿਸੂਸ ਕਰਦੇ ਹਨ। ‘ਖਿੱਪਲ’ ਦੀ ਇਸ ਪ੍ਰਾਪਤੀ ਤੇ ਪ੍ਰੈੱਸ ਕਲੱਬ ਦੇ ਮੁੱਖ ਸਲਾਹਕਾਰ ਹਰਪ੍ਰੀਤ ਸ਼ਰਮਾ, ਸੀਨੀਅਰ ਆਗੂ ਮਨਪ੍ਰੀਤ ਮਿੰਟੂ, ਕਿਸਾਨ ਆਗੂ ਤੇ ਪੱਤਰਕਾਰ ਹਰਿੰਦਰ ਬੱਲੀ, ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਐਸ.ਐਸ ‘ਚੱਠਾ’ ਸਮੇਤ ਰਾਜਨੀਤਕ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਖਿੱਪਲ ਪ੍ਰਵਾਰ ਨੂੰ ਮੁਬਾਰਕਬਾਦ ਦੇ ਰਹੇ ਹਨ। ਹਰਿੰਦਰ ਬੱਲੀ ਦੀ ਰਿਪੋਰਟ
(For more news apart from Amarinder Khipal made Punjab proud in New Zealand stay tuned to Rozana Spokesman)