ਯੂਕਰੇਨ 'ਚ ਫਸੇ 249 ਭਾਰਤੀਆਂ ਨੂੰ ਲੈ ਕੇ 5ਵਾਂ ਵਿਸ਼ੇਸ਼ ਜਹਾਜ਼ ਪਹੁੰਚਿਆ ਦਿੱਲੀ
ਸਵੇਰੇ ਕਰੀਬ 6:30 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ 5ਵੀਂ ਉਡਾਣ
ਨਵੀਂ ਦਿੱਲੀ : ਰੂਸ ਵਲੋਂ ਯੂਕਰੇਨ 'ਤੇ ਹਮਲਾ ਕੀਤੇ ਜਾਣ ਤੋਂ ਬਾਅਦ ਉਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਲਗਾਤਾਰ ਦੇਸ਼ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਦੇ ਤਹਿਤ ਹੀ ਹੁਣ 5ਵੀਂ ਉਡਾਣ ਦਿੱਲੀ ਪਹੁੰਚ ਗਈ ਹੈ। ਦੱਸ ਦੇਈਏ ਕਿ ਇਸ ਵਿਸ਼ੇਸ਼ ਉਡਾਨ ਰਾਹੀਂ ਯੂਕਰੇਨ ਤੋਂ ਹੋਰ 249 ਭਾਰਤੀ ਦੇਸ਼ ਵਾਪਸ ਪਰਤੇ ਹਨ।
ਇਹ ਭਾਰਤੀ ਯੂਕਰੇਨ ਵਿੱਚ ਫਸੇ ਹੋਏ ਸਨ ਅਤੇ ਇਨ੍ਹਾਂ ਨੂੰ ਬੁਖਾਰੇਸਟ (ਰੋਮਾਨੀਆ) ਰਾਹੀਂ ਭਾਰਤ ਲੈ ਕੇ ਏਅਰ ਇੰਡੀਆ ਦੀ 5ਵੀਂ ਉਡਾਣ ਦਿੱਲੀ ਪਹੁੰਚ ਗਈ ਹੈ। ਏਅਰ ਇੰਡੀਆ ਦੀ ਉਡਾਣ (AI 1942) ਸੋਮਵਾਰ ਸਵੇਰੇ ਕਰੀਬ 6:30 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਇਸ ਮੌਕੇ ਭਾਰਤ ਆਏ ਵਿਦਿਆਰਥੀਆਂ ਨੇ ਸਰਕਾਰ ਦਾ ਧਨਵਾਦ ਕੀਤਾ ਅਤੇ ਬਕੇ ਦੇ ਰਹਿੰਦੇ ਨਾਗਰਿਕਾਂ ਨੂੰ ਵੀ ਜਲਦ ਦੇਸ਼ ਵਾਪਸ ਲਿਆਉਣ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਏਅਰਲਿਫਟ ਕਰਨ ਲਈ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਚਲਾਇਆ ਜਾ ਰਿਹਾ ਹੈ। ਇਸ ਤਹਿਤ ਪਹਿਲਾਂ ਹੀ 4 ਉਡਾਣਾਂ ਰਾਹੀਂ 1,147 ਲੋਕਾਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ। ਐਤਵਾਰ ਨੂੰ ਆਈਆਂ 3 ਉਡਾਣਾਂ ਰਾਹੀਂ 928 ਭਾਰਤੀ ਆਪਣੇ ਵਤਨ ਪਹੁੰਚੇ ਸਨ।