ਐਫ਼.ਬੀ.ਆਈ ਦੀ ਡਿਗਰੀ ਹਾਸਲ ਕਰ ਕੇ ਸਵਰਨਜੀਤ ਸਿੰਘ ਖ਼ਾਲਸਾ ਨੇ ਕੀਤਾ ਸਿੱਖ ਕੌਮ ਦਾ ਸਿਰ ਉੱਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖਾਂ ਨੇ ਦੁਨੀਆਂ ਦੇ ਹਰੇਕ ਕੋਨੇ 'ਚ ਜਾ ਕੇ ਅਪਣੀ ਮਿਹਨਤ ਦੇ ਦਮ 'ਤੇ ਦੇਸ਼ ਤੇ ਕੌਮ ਦਾ ਨਾਂ ਉਚਾ ਕੀਤਾ ਹੈ

Swaranjit Singh Khalsa

ਅਮਰੀਕਾ 7 ਅਪ੍ਰੈਲ (ਸਪੋਕਸਮੈਨ ਬਿਊਰੋ): ਸਿੱਖਾਂ ਨੇ ਦੁਨੀਆਂ ਦੇ ਹਰੇਕ ਕੋਨੇ 'ਚ ਜਾ ਕੇ ਅਪਣੀ ਮਿਹਨਤ ਦੇ ਦਮ 'ਤੇ ਦੇਸ਼ ਤੇ ਕੌਮ ਦਾ ਨਾਂ ਉਚਾ ਕੀਤਾ ਹੈ। ਇਥੋਂ ਦੇ ਸਵਰਨਜੀਤ ਸਿੰਘ ਖ਼ਾਲਸਾ ਕੈਨੇਟਿਕਟ ਦੇ ਸ਼ਹਿਰ ਨੋਰਵਿਚ ਦੇ ਕੰਮਿਸ਼ ਓਫ਼ ਸਿਟੀ ਪਲਾਨ ਦੇ ਮੈਂਬਰ ਤੇ ਸਿੱਖ ਸੇਵਕ ਸੁਸਾਇਟੀ ਦੇ ਪ੍ਰਧਾਨ ਨੇ ਦੁਨੀਆਂ ਦੀ ਸੱਭ ਤੋਂ ਭਰੋਸੇਯੋਗ ਏਜੰਸੀ ਐਫ਼ ਬੀ ਆਈ ਦੀ ਡਿਗਰੀ ਹਾਸਲ ਕਰ ਕੇ ਕੌਮ ਦੀ ਦਿਮਾਗੀ ਸਮਰਥਾ ਦਾ ਪ੍ਰਮਾਣ ਦਿਤਾ ਹੈ। 

ਇਥੇ ਹੀ ਬਸ ਨਹੀਂ, 2017 ਵਿਚ ਵੀ ਐਫ਼.ਬੀ.ਆਈ ਦੇ ਡਾਇਰੈਕਟਰ ਜਿਮ ਕੋਮੀ ਨੇ ਖ਼ਾਲਸਾ ਨੂੰ ਡਾਇਰੈਕਟਰ ਆਫ਼ ਲੀਡਰਸ਼ਿਪ ਐਵਾਰਡ ਨਾਲ ਨਿਵਾਜ਼ਿਆ ਸੀ ਤੇ ਹੁਣ ਉਨ੍ਹਾਂ ਨੇ ਇਹ ਸਖ਼ਤ ਟ੍ਰੇਨਿੰਗ ਕਰ ਕੇ ਇਕ ਵਾਰ ਫਿਰ ਸਿੱਖਾਂ ਦੀ ਪੂਰੇ ਵਿਸ਼ਵ 'ਚ ਨਾਮ ਉਚਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਟੈਸਟ ਭਾਰਤ ਦੇ ਆਈ ਏ ਐਸ ਵਰਗਾ ਹੈ ਤੇ ਪੂਰੇ ਕੈਨੇਟਿਕਟ ਵਿਚੋਂ ਇਸ ਟ੍ਰੇਨਿੰਗ ਲਈ ਸਿਰਫ਼ 23 ਲੋਕ ਚੁਣੇ ਗਏ ਸਨ ਜਿਨ੍ਹਾਂ ਵਿਚ ਖ਼ਾਲਸਾ ਇਕ ਸਨ। ਖ਼ਾਲਸਾ ਨੇ ਇਸ ਏਜੰਸੀ 'ਚ ਸ਼ਾਮਲ ਹੋ ਕੇ ਸਿੱਖੀ ਦੇ ਚਿੰਨਾਂ ਬਾਰੇ ਦੁਨੀਆਂ ਭਰ 'ਚ ਜਾਗਰੂਕਤਾ ਲਿਆਉਣ ਦਾ ਸੁਪਨਾ ਸਿਰਜਿਆ ਹੈ।

ਖ਼ਾਲਸਾ ਨੇ ਦਸਿਆ ਕਿ ਹੁਣ ਤਕ ਐਫ਼.ਬੀ.ਆਈ ਦੀ ਮਦਦ ਨਾਲ ਕੈਨੇਟਿਕਟ ਦੇ 2,000 ਤੋਂ ਵੱਧ ਪੁਲਿਸ ਵਾਲਿਆਂ ਨੂੰ ਸਿੱਖਾਂ ਦੇ ਧਾਰਮਕ ਚਿੰਨ੍ਹਾਂ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ ਹੈ ਤੇ ਇਸ ਕੰਮ ਨੂੰ ਅੱਗੇ ਵਧਾਇਆ ਜਾਏਗਾ। ਅਮਰੀਕਾ ਵਿਚ ਸਿੱਖਾਂ ਉਤੇ ਨਸਲੀ ਹਮਲਿਆਂ ਦੀ ਜਾਂਚ ਵੀ ਹੁਣ ਐਫ਼.ਬੀ.ਆਈ ਹੀ ਕਰਦੀ ਹੈ ਜੋ ਕਿ ਇਕ ਬੜੀ ਵੱਡੀ ਗੱਲ ਹੈ। ਅੱਜ ਸਿੱਖ ਕੌਮ ਅਮਰੀਕਾ ਵਿਚ ਵੀ ਖੁਲ੍ਹ ਕੇ ਜੀ ਸਕਦੀ ਹੈ ਕਿਉਂਕਿ ਖ਼ਾਲਸਾ ਵਰਗੇ ਨੌਜਵਾਨ ਅਮਰੀਕਾ ਦੀ ਨਾਮਵਰ ਏਜੰਸੀ 'ਚ ਸ਼ਾਮਲ ਹਨ। 

ਸਵਰਨਜੀਤ ਸਿੰਘ ਖ਼ਾਲਸਾ ਨੂੰ ਉਸ ਦੀ ਇਸ ਪ੍ਰਾਪਤੀ ਲਈ ਦੁਨੀਆਂ ਦੇ ਕੋਨੇ ਕੋਨੇ 'ਚੋਂ ਵਧਾਈਆਂ ਮਿਲ ਰਹੀਆਂ ਹਨ। ਇਥੋਂ ਤਕ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ਾਲਸਾ ਨੂੰ ਵਿਸ਼ੇਸ਼ ਤੌਰ 'ਤੇ ਪੱਤਰ ਲਿਖ ਕੇ ਵਧਾਈ ਦਿਤੀ ਹੈ।