Canada Punjabi Die: ਕੈਨੇਡਾ ’ਚ 2 ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਸੀ ਦੋਵੇਂ

2 Punjabi youths die of heart attack in Canada

 

Canada Punjabi Die: ਸੁਨਾਮ ਨੇੜਲੇ ਪਿੰਡ ਚੱਠਾ ਸੇਖਵਾਂ ਦੇ ਨੌਜਵਾਨ ਪਵਨਦੀਪ ਸਿੰਘ (35) ਦੀ ਕੈਨੇਡਾ ਦੇ ਸ਼ਹਿਰ ਸਰੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਬਹੁਤ ਹੀ ਸਧਾਰਨ ਪਰਿਵਾਰ ਦਾ ਨੌਜਵਾਨ ਪਵਨਦੀਪ ਸਿੰਘ ਪੁੱਤਰ ਹਮੀਰ ਸਿੰਘ ਡੇਢ ਸਾਲ ਪਹਿਲਾਂ ਸਾਕ ਸਬੰਧੀਆਂ ਦੀ ਮਦਦ ਨਾਲ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ।

ਉਹ ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿ ਰਿਹਾ ਸੀ, ਪਰ ਅਚਾਨਕ ਪਵਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੇ ਪਰਿਵਾਰ ਵਿਚ ਪਿੱਛੇ ਵਿਧਵਾ ਮਾਂ ਤੇ ਵੱਡਾ ਭਰਾ ਹੈ। 

ਪਿੰਡ ਵਾਸੀਆਂ ਨੇ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਤੋਂ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਦੀ ਮੰਗ ਕੀਤੀ ਤਾਂ ਜੋ ਪਰਿਵਾਰ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਵੇਖ ਕੇ ਅੰਤਿਮ ਰਸਮਾਂ ਪੂਰੀਆਂ ਕਰ ਸਕੇ।

ਦੂਜੇ ਮਾਮਲੇ ’ਚ ਬਲਾਕ ਮੱਖੂ ਦੇ ਪਿੰਡ ਮੋਹਕਮ ਅਰਾਈਆਂ ਵਾਲੇ‌ ਦੇ ਨੌਜਵਾਨ ਜਸਬੀਰ ਸਿੰਘ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਸਬੀਰ ਸਿੰਘ (30) ਪੁੱਤਰ ਲਖਵਿੰਦਰ ਸਿੰਘ ਰੋਜ਼ੀ-ਰੋਟੀ ਦੀ ਭਾਲ ’ਚ ਲਗਪਗ ਨੌ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ, ਜਿਥੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਜਸਬੀਰ ਦੇ ਪਰਿਵਾਰ ’ਚ ਪਤਨੀ, ਤਿੰਨ ਸਾਲ ਦਾ ਬੇਟਾ ਤੇ ਬਜ਼ੁਰਗ ਮਾਂ-ਪਿਓ ਹਨ। ਦੋਵਾਂ ਨੌਜਵਾਨਾਂ ਦੇ ਮਾਪਿਆਂ ਨੇ ਸਰਕਾਰ ਤੋਂ ਦੇਹਾਂ ਭਾਰਤ ਮੰਗਵਾਉਣ ਦੀ ਮੰਗ ਕੀਤੀ ਤਾਂ ਜੋ ਪਰਿਵਾਰ ਆਪਣੇ ਪੁੱਤਰਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।