ਘੁਬਾਇਆ ਦੇ ਕਾਂਗਰਸ ਵਿਚ ਸ਼ਾਮਲ ਹੋਣ ਬਾਰੇ ਕੀ ਸੋਚਦੇ ਹਨ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਾਂਗਰਸ ਵਿਚ ਸ਼ਾਮਲ ਹੋ ਕੇ ਉਸ ਅਨਬਣ ਉੱਤੇ ਸਿਆਸੀ ਮੋਹਰ ਲਗਾ ਦਿੱਤੀ ਗਈ।

What do people think of joining the Congress of Ghubaya?

ਚੰਡੀਗੜ੍ਹ: ਪਿਛਲੇ ਦਿਨੀਂ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਅਤੇ ਲੀਡਰ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਸ਼ੇਰ ਸਿੰਘ ਘੁਬਾਇਆ ਦੀ ਅਕਾਲੀ ਲੀਡਰਸ਼ਿਪ ਨਾਲ ਕਾਫੀ ਲੰਬੇ ਸਮੇਂ ਤੋਂ ਅਨਬਣ ਚਲ ਰਹੀ ਸੀ। ਕਾਂਗਰਸ ਵਿਚ ਸ਼ਾਮਲ ਹੋ ਕੇ ਉਸ ਅਨਬਣ ਉੱਤੇ ਸਿਆਸੀ ਮੋਹਰ ਲਗਾ ਦਿੱਤੀ ਗਈ। ਰਾਜ ਨੇਤਾ ਸਿਆਸੀ ਦਲ ਬਦਲਣ ਵਿਚ ਸਮਾਂ ਨਹੀਂ ਲਗਾਉਂਦੇ। ਪਰ ਕੀ ਸ਼ੇਰ ਸਿੰਘ ਘੁਬਾਇਆ ਦਾ ਇਕ ਦਮ ਵੱਖਰੀ ਵਿਚਾਰਧਾਰਾ ਦੀ ਪਾਰਟੀ ਵਿਚ ਸ਼ਾਮਲ ਹੋਣਾ ਲੋਕਾਂ ਨੂੰ ਰਾਸ ਆਇਆ ਹੈ ਜਾਂ ਨਹੀਂ, ਸਪੋਕਸਮੈਨ ਟੀਵੀ ਨੇ ਲੋਕਾਂ ਪਾਸੋਂ ਜਾਣਨ ਦੀ ਕੋਸ਼ਿਸ਼ ਕੀਤੀ।

ਲੋਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਅਪਣੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਨੇ ਅਪਣੇ ਨੇੜਲੇ ਇਲਾਕਿਆਂ ਵਿਚ ਲੋਕਾਂ ਨੂੰ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਪਰ ਹੋਰਾਂ ਇਲਾਕਿਆਂ ਵਿਚ ਕੋਈ ਬਦਲਾਅ ਨਜ਼ਰ ਨਹੀਂ ਆਏ। ਲੋਕਾਂ ਅਨੁਸਾਰ ਮੋਦੀ ਸਰਕਾਰ ਨੇ ਗਰੀਬ ਪਰਿਵਾਰਾਂ ਦਾ ਕੁਝ ਨਹੀਂ ਸੋਚਿਆ। ਗਰੀਬਾਂ ਦੇ ਬੱਚੇ ਪੜ੍ਹੇ ਲਿਖੇ ਹੋਣ ਕਰਕੇ ਵੀ ਬੇਰੁਜ਼ਗਾਰ ਘੁੰਮਦੇ ਹਨ। ਉਹਨਾਂ ਅਨੁਸਾਰ ਮੋਦੀ ਨਾਲ ਗਠਜੋੜ ਕਰਣ ਵਾਲੇ ਅਕਾਲੀ ਦਲ ਨੂੰ ਛੱਡ ਕੇ ਚੰਗਾ ਕੀਤਾ।

ਕੁਝ ਲੋਕ ਸ਼ੇਰ ਸਿੰਘ ਘੁਬਾਇਆ ਦੇ ਖਿਲਾਫ ਸਨ ਉਹਨਾਂ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਨੂੰ ਜਾਤੀਵਾਦ ਦੇ ਆਧਾਰ ਤੇ ਵੋਟਾਂ ਮਿਲਦੀਆਂ ਹਨ। ਕਿਉਂਕਿ ਜਿਸ ਇਲਾਕੇ ਵਿਚ ਉਸਦਾ ਪਿੰਡ ਉੱਥੇ ਸਾਰੇ ਲੋਕ ਉਸ ਦੀ ਜਾਤ ਦੇ ਹੀ ਹਨ। ਕਈ ਲੋਕਾਂ ਨੇ ਸ਼ੇਰ ਸਿੰਘ ਘੁਬਾਇਆ ਨੂੰ ਗ਼ੱਦਾਰ ਤਕ ਵੀ ਕਹਿ ਦਿੱਤਾ। ਉਹਨਾਂ ਅੱਗੇ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਨੇ ਅਪਣੇ ਪੁੱਤਰ ਪਿੱਛੇ ਲਗ ਕੇ ਪਾਰਟੀ ਬਦਲ ਲਈ ਜੋ ਕਿ ਸਰਾਸਰ ਗਲਤ ਹੈ।

ਜਦੋਂ ਲੋਕਾਂ ਤੋਂ ਪੁਛਿਆ ਗਿਆ ਕਿ ਜੇਕਰ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਤੋਂ ਲੜਦੇ ਹਨ ਤਾਂ ਕੀ ਇਹ ਸਹੀ ਹੋਵੇਗਾ ਤਾਂ ਲੋਕਾਂ ਨੇ ਕਿਹਾ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਲੋਕ ਜਵਾਬ ਮੰਗਣਗੇ ਕਿ ਉਹ ਅਪਣਾ ਹਲਕਾ ਛੱਡ ਕੇ ਦੂਜੇ ਹਲਕੇ ਤੋਂ ਚੋਣ ਕਿਉਂ ਲੜ ਰਹੇ ਹਨ। ਮੋਦੀ ਸਰਕਾਰ ਲਈ ਲੋਕਾਂ ਨੇ ਕਿਹਾ ਕਿ ਉਸ ਨੇ ਖਾਸ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਸ ਨੂੰ ਚਾਹੀਦਾ ਸੀ ਕਿ ਉਹ ਯੂਥ ਨਾਲ ਜੁੜੇ ਮਸਲਿਆਂ ਨੂੰ ਹੱਲ ਕਰੇ। ਉਸ ਨੇ ਪੰਜ ਸਾਲਾਂ ਵਿਚ ਸਿਰਫ ਫੋਕੇ ਦਾਅਵੇ ਹੀ ਕੀਤੇ ਹਨ।

ਜਨਤਾ ਨੇ ਕਾਂਗਰਸ ਦੇ ਜਵਾਬ ਵਿਚ ਕਿਹਾ ਕਿ ਕਾਂਗਰਸ ਨੇ ਲੋਕਾਂ ਦੇ ਕਰਜ਼ੇ ਮੁਆਫ ਕੀਤੇ ਹਨ। ਇਸ ਨਾਲ ਗਰੀਬ ਪਰਿਵਾਰਾਂ ਨੂੰ ਬਹੁਤ ਸਹਾਇਤਾ ਮਿਲੀ ਹੈ। ਜਦੋਂ ਇਸ ਸਵਾਲ ਦਾ ਜਵਾਬ ਮੰਗਿਆ ਕਿ ਅਗਲਾ ਪ੍ਰਧਾਨ ਮੰਤਰੀ ਕੋਣ ਹੋਵੇਗਾ ਤਾਂ ਲੋਕਾਂ ਨੇ ਜਵਾਬ ਵਿਚ ਕਿਹਾ ਕਿ ਇਸ ਦਾ ਫੈਸਲਾ 545 ਐਮਪੀ ਕਰਨਗੇ ਨਾ ਕਿ ਆਮ ਜਨਤਾ। ਲੋਕਾਂ ਨੇ ਸ਼ੇਰ ਸਿੰਘ ਘੁਬਾਇਆ ਦਾ ਪੱਖ ਲੈਂਦੇ ਹੋਏ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਦਾ ਪਾਰਟੀ ਬਦਲਣਾ ਕੋਈ ਵੱਡੀ ਗੱਲ ਨਹੀਂ। ਇਹ ਸਿਆਸਤ ਹੈ ਅਤੇ ਸਿਆਸਤ ਵਿਚ ਅਜਿਹਾ ਹੋਣਾ ਕੋਈ ਵੱਡੀ ਗੱਲ ਨਹੀਂ। ਲੋਕਾਂ ਨੇ ਇਸ ਕਦਮ ਨੂੰ ਸਹੀ ਕਦਮ ਦੱਸਿਆ। ਇਸ ਵਿਚ ਕੁਝ ਗਲਤ ਨਹੀਂ ਜੇਕਰ ਉਹ ਅਪਣੀ ਪਾਰਟੀ ਬਦਲਦੇ ਹਨ।