Sri Anandpur Sahib News: ਪੰਜਾਬੀ ਗੁਰਸਿੱਖ ਨੌਜਵਾਨ ਨੇ ਵਿਦੇਸ਼ ਵਿਚ ਚਮਕਾਇਆ ਨਾਂ , ਕੈਨੇਡਾ 'ਚ ਬਣਿਆ ਲੈਫਟੀਨੈਂਟ
Sri Anandpur Sahib News:ਉਕਤ ਨੌਜਵਾਨ ਦਾ ਆਪਣੇ ਪਿੰਡ ਆਉਣ ਉਤੇ ਭਰਵਾਂ ਸਵਾਗਤ
Jaspreet Singh Became a lieutenant in Canada Badhal Sri Anandpur Sahib: ਪੰਜਾਬੀਆਂ ਨੇ ਪੂਰੀ ਦੁਨੀਆਂ ਵਿਚ ਅਪਣੀ ਮਿਹਨਤ ਨਾਲ ਚੰਗਾ ਨਾਮਣਾ ਖਟਿਆ ਹੈ। ਮਿਹਨਤ ਨਾਲ ਪੰਜਾਬੀਆਂ ਨੇ ਹਰ ਮੁਕਾਮ ਸਰ ਕੀਤਾ ਹੈ। ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬੱਢਲ ਨਾਲ ਸਬੰਧਿਤ ਗੁਰਸਿੱਖ ਨੌਜਵਾਨ ਜਸਪ੍ਰੀਤ ਸਿੰਘ ਆਪਣੀ ਸਖ਼ਤ ਮਿਹਨਤ ਨਾਲ ਕੈਨੇਡਾ ਦੀ ਫ਼ੌਜ ਵਿਚ ਬਤੌਰ ਲੈਫਟੀਨੈਂਟ ਭਰਤੀ ਹੋਇਆ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਉਕਤ ਨੌਜਵਾਨ ਦਾ ਆਪਣੇ ਪਿੰਡ ਆਉਣ ਉਤੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ।
ਦੱਸਣਯੋਗ ਹੈ ਕਿ 31 ਸਾਲਾ ਨੌਜਵਾਨ ਬੀ. ਫਾਰਮੇਸੀ ਕਰਨ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਕੈਨੇਡਾ ਦੇ ਓਂਟਾਰੀਓ ਚਲਾ ਗਿਆ ਸੀ। ਉਸ ਤੋਂ ਬਾਅਦ ਇਸ ਨੌਜਵਾਨ ਨੇ ਆਸਟ੍ਰੇਲੀਆ ਤੋਂ ਮਾਸਟਰ ਡਿਗਰੀ ਹਾਸਲ ਕਰਕੇ 2024 ਵਿਚ ਕੈਨੇਡਾ ਵਾਪਸ ਆ ਕੇ ਫ਼ੌਜ ਦੀ ਪ੍ਰੀਖਿਆ ਦਿੱਤੀ ਤੇ ਕੈਨੈਡਾ ਫ਼ੌਜ ਵਿਚ ਬਤੌਰ ਤੋਪਖਾਨਾ ਅਫ਼ਸਰ ਵਜੋਂ ਚੁਣਿਆ ਗਿਆ ਜੋ ਕਿ ਭਾਰਤੀ ਫ਼ੌਜ ਵਿਚ ਲੈਫਟੀਨੈਂਟ ਦੇ ਬਰਾਬਰ ਦਾ ਅਹੁਦਾ ਹੈ।
ਇਸ ਸਬੰਧੀ ਲੈਫਟੀਨੈਂਟ ਬਣੇ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਬਹੁਤ ਧੰਨਵਾਦੀ ਹਨ, ਜਿਨ੍ਹਾਂ ਉਸ ਦਾ ਮਾਣ-ਸਨਮਾਨ ਕੀਤਾ। ਇਸ ਤੋਂ ਪਹਿਲਾਂ ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਅਤੇ ਨੌਜਵਾਨ ਆਗੂ ਪ੍ਰਿਤਪਾਲ ਸਿੰਘ ਕੂਨਰ ਅਤੇ ਸੂਬੇਦਾਰ ਸਰਵਣ ਸਿੰਘ ਨੇ ਕਿਹਾ ਕਿ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੇ ਇਲਾਕੇ ਦੇ ਨੌਜਵਾਨ ਵਲੋਂ ਕੈਨੇਡਾ ਦੀ ਧਰਤੀ ਉਤੇ ਪਹੁੰਚ ਕੇ ਵੱਡਾ ਅਹੁਦਾ ਹਾਸਲ ਕੀਤਾ ਹੈ।